ਅਮਰੀਕੀ ਕੰਪਨੀ ਨੇ ਆਪਣੇ 198 ਕਰਮਚਾਰੀਆਂ ਨੂੰ ਦਿੱਤਾ 70 ਕਰੋੜ ਰੁਪਏ ਦਾ ਬੋਨਸ
Wednesday, Dec 11, 2019 - 05:46 PM (IST)

ਵਾਸ਼ਿੰਗਟਨ- ਅਮਰੀਕਾ ਦੇ ਮੈਰੀਲੈਂਡ ਦੀ ਰਿਅਲ ਅਸਟੇਟ ਕੰਪਨੀ ਸੇਂਟ ਜਾਨ ਪ੍ਰਾਪਰਟੀਜ਼ ਨੇ ਆਪਣੇ 198 ਕਰਮਚਾਰੀਆਂ ਨੂੰ 70 ਕਰੋੜ ਰੁਪਏ ਦਾ ਬੋਨਸ ਦਿੱਤਾ ਹੈ। ਇਸ ਦਾ ਐਲਾਨ ਕੰਪਨੀ ਨੇ ਹਾਲੀਡੇਅ ਪਾਰਟੀ ਵਿਚ ਕੀਤਾ। ਸਾਰੇ ਕਰਮਚਾਰੀਆਂ ਨੂੰ ਉਹਨਾਂ ਦਾ ਬੋਨਸ ਲਾਲ ਲਿਫਾਫੇ ਵਿਚ ਦਿੱਤਾ ਗਿਆ। ਹਰੇਕ ਕਰਮਚਾਰੀ ਨੂੰ ਔਸਤਨ 50 ਹਜ਼ਾਰ ਡਾਲਰ ਦਿੱਤੇ ਗਏ। ਸਭ ਤੋਂ ਅਹਿਮ ਗੱਲ ਰਹੀ ਕਿ ਕਰਮਚਾਰੀਆਂ ਨੂੰ ਇਸ ਦਾ ਪਤਾ ਵੀ ਨਹੀਂ ਸੀ।
ਸੇਂਟ ਜਾਨ ਪ੍ਰਾਪਰਟੀਜ਼ ਦੇ ਮਾਲਕ ਲਾਰੇਂਸ ਮੈਕ੍ਰਾਂਟਜ਼ ਨੇ ਦੱਸਿਆ ਕਿ ਕੰਪਨੀ ਨੇ 14 ਸਾਲਾਂ ਦੌਰਾਨ 200 ਲੱਖ ਵਰਗ ਫੁੱਟ ਵਿਚ ਨਿਰਮਾਣ ਤੇ ਡਿਵੈਲਪਮੈਂਟ ਕੀਤਾ। ਇਹ ਇਕ ਵੱਡੀ ਉਪਲੱਬਧੀ ਹੈ। ਇਸ ਨੂੰ ਹਾਸਲ ਕਰਨ ਵਿਚ ਕਰਮਚਾਰੀਆਂ ਨੇ ਬਹੁਤ ਮਦਦ ਕੀਤੀ ਹੈ। ਇਸ ਨੂੰ ਲੈ ਕੇ ਅਸੀਂ ਕੁਝ ਵੱਡਾ ਕਰਨਾ ਚਾਹੁੰਦੇ ਸਨ। ਲਿਹਾਜ਼ਾ ਇਹ ਸਰਪ੍ਰਾਈਜ਼ ਉਹਨਾਂ ਨੂੰ ਧੰਨਵਾਦ ਦੇ ਤੌਰ 'ਤੇ ਦਿੱਤਾ ਗਿਆ ਹੈ।
ਕੰਮ ਤੇ ਸਮੇਂ ਦੇ ਆਧਾਰ 'ਤੇ ਤੈਅ ਕੀਤਾ ਗਿਆ ਬੋਨਸ
ਮੈਕ੍ਰਾਂਟਜ਼ ਦੇ ਮੁਤਾਬਕ ਕਰਮਚਾਰੀਆਂ ਦੀ ਸਰਪ੍ਰਾਈਜ਼ ਮਨੀ ਕੰਪਨੀ ਵਿਚ ਉਹਨਾ ਦੇ ਕੰਮ ਤੇ ਸਮੇਂ ਦੇ ਆਧਾਰ 'ਤੇ ਤੈਣ ਕੀਤੀ ਗਈ ਹੈ। ਇਸ ਵਿਚ ਸਭ ਤੋਂ ਘੱਟ ਸਰਪ੍ਰਾਈਜ਼ ਮਨੀ 100 ਡਾਲਰ ਦੀ ਸੀ। 100 ਡਾਲਰ ਦੀ ਰਕਮ ਅਜਿਹੇ ਕਰਮਚਾਰੀ ਨੂੰ ਦਿੱਤੀ ਗਈ ਹੈ, ਜਿਹਨਾਂ ਨੇ ਹਾਲ ਹੀ ਵਿਚ ਕੰਪਨੀ ਜੁਆਇਨ ਕੀਤੀ ਹੈ। ਕਰਮਚਾਰੀਆਂ ਨੂੰ ਬੋਨਸ ਦੇ ਰੂਪ ਵਿਚ ਸਭ ਤੋਂ ਵੱਡੀ ਰਕਮ 2 ਲੱਖ 70 ਹਜ਼ਾਰ ਡਾਲਰ ਦਿੱਤੀ ਗਈ ਹੈ।
ਬੋਨਸ ਦੇ ਐਲਾਨ ਨਾਲ ਕਰਮਚਾਰੀ ਬਹੁਤ ਖੁਸ਼ ਹਨ। ਪਾਰਟੀ ਵਿਚ ਸਾਰੇ ਆਪਣੀਆਂ-ਆਪਣੀਆਂ ਕਹਾਣੀਆਂ ਸੁਣਾ ਰਹੇ ਸਨ। ਕੋਈ ਕ੍ਰੇਡਿਟ ਕਾਰਡ ਦਾ ਬਕਾਇਆ ਚੁਕਾਉਣਾ ਚਾਹੁੰਦਾ ਸੀ ਤੇ ਕੋਈ ਲੋਨ ਚੁਕਾਉਣਾ ਚਾਹੁੰਦਾ ਸੀ। ਕੰਪਨੀ ਮਾਲਕ ਨੇ ਕਿਹਾ ਕਿ ਕੰਪਨੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਦੂਜੇ ਸੂਬਿਆਂ ਦੀਆਂ 8 ਸ਼ਾਖਾਵਾਂ ਦੇ ਕਰਮਚਾਰੀਆਂ ਦੇ ਲਈ ਹਵਾਈ ਕਿਰਾਇਆ ਤੇ ਉਹਨਾਂ ਦੇ ਠਹਿਰਣ ਦੇ ਲਈ ਹੋਟਲ ਦਾ ਖਰਚਾ ਚੁੱਕਿਆ ਗਿਆ ਹੈ।
37 ਸਾਲ ਦੀ ਕਰਮਚਾਰੀ ਸਟੈਫਨੀ ਰਿਡਗਵੇ ਨੇ ਦੱਸਿਆ ਕਿ ਜਦੋਂ ਮੈਂ ਲਿਫਾਫਾ ਖੋਲ੍ਹਿਆ ਤਾਂ ਮੈਨੂੰ ਬਿਲਕੁਲ ਯਕੀਨ ਨਹੀਂ ਹੋਇਆ। ਉਸ ਵਿਚ ਪੂਰੇ 50 ਹਜ਼ਾਰ ਡਾਲਰ ਸਨ। ਮੈਂ ਕੰਪਨੀ ਵਿਚ 14 ਸਾਲ ਤੋਂ ਕੰਮ ਕਰ ਰਹੀ ਹਾਂ। ਮੈਨੂੰ ਇਸ 'ਤੇ ਭਰੋਸਾ ਨਹੀਂ ਹੋ ਰਿਹਾ। ਇਹਨਾਂ ਪੈਸਿਆਂ ਦਾ ਵੱਡਾ ਹਿੱਸਾ ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਵਰਤਾਂਗੀ। ਕੁਝ ਨਿਵੇਸ਼ ਕਰਾਂਗੀ। ਬਾਕੀ ਘਰ ਦੀ ਮੁਰੰਮਤ 'ਤੇ ਖਰਚ ਕਰਾਂਗੀ।