ਬੋਰਿਸ ਜਾਨਸਨ ਨੇ ਇਸ ਫੈਸਲੇ ਕਾਰਨ ਮਹਾਰਾਣੀ ਤੋਂ ਮੰਗੀ ਮੁਆਫੀ

09/29/2019 6:15:44 PM

ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਨੂੰ ਭੰਗ ਕਰਨ ਦੇ ਆਪਣੇ ਫੈਸਲੇ ਖਿਲਾਫ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਹਫਤੇ ਦੀ ਸ਼ੁਰੂਆਤ 'ਚ ਮਹਾਰਾਣੀ ਐਲਿਜ਼ਾਬੇਥ ਦੂਜੀ ਤੋਂ ਮੁਆਫੀ ਮੰਗੀ ਹੈ। ਮੀਡੀਆ 'ਚ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੇ ਫੈਸਲਾ ਨੂੰ ਸੁਪਰੀਮ ਕੋਰਟ ਵਲੋਂ 'ਗੈਰ-ਕਾਨੂੰਨੀ' ਕਰਾਰ ਦਿੱਤੇ ਜਾਣ ਤੋਂ ਬਾਅਦ ਜਾਨਸਨ ਨੇ ਮੰਗਲਵਾਰ ਨੂੰ ਮਹਾਰਾਣੀ ਨੂੰ ਫ਼ੋਨ ਕੀਤਾ।

ਡਾਊਨਿੰਗ ਸਟ੍ਰੀਟ ਦੇ ਇਕ ਸੂਤਰ ਨੇ ਅਖਬਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਜਲਦ ਤੋਂ ਜਲਦ ਮਹਾਰਾਣੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਸ ਲਈ ਕਿੰਨੇ ਸ਼ਰਮਿੰਦਾ ਹਨ। ਸੁਪਰੀਮ ਕੋਰਟ ਦੀ ਝਿੜਕ ਕਾਰਨ ਬਕਿੰਘਮ ਪੈਲੇਸ ਤੇ ਡਾਉਨਿੰਗ ਸਟ੍ਰੀਟ ਵਿਚਾਲੇ ਭਰੋਸੇ ਨੂੰ ਵੀ ਝਟਕਾ ਲੱਗਿਆ ਹੈ। ਇਕ ਸਰਕਾਰੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੋ ਕੁਝ ਹੋ ਰਿਹਾ ਹੈ ਉਸ ਨਾਲ ਸ਼ਾਹੀ ਪਰਿਵਾਰ ਦੇ ਉੱਚ ਮੈਂਬਰ ਖੁਸ਼ ਨਹੀਂ ਹਨ। ਇਕ ਸ਼ਾਹੀ ਸੂਤਰ ਨੇ ਦਾਅਵਾ ਕੀਤਾ ਹੈ ਕਿ ਮਹਾਰਾਣੀ ਦੇ ਸੀਨੀਅਰ ਸਲਾਹਕਾਰ 'ਅੱਕ' ਗਏ ਹਨ ਤੇ ਇਹ ਤੱਕ ਕਿਹਾ ਜਾ ਰਿਹਾ ਹੈ ਕਿ ਜਾਨਸਨ ਹੁਣ ਭਰੋਸੇਯੋਗ ਨਹੀਂ ਰਹੇ।

ਜ਼ਿਕਰਯੋਗ ਹੈ ਕਿ ਜਾਨਸਨ ਨੇ ਬ੍ਰਿਟਿਸ਼ ਸੰਸਦ ਨੂੰ 5 ਹਫਤਿਆਂ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਆ ਸੀ। ਪਰ ਇਸ ਦੌਰਾਨ ਉਨ੍ਹਾਂ ਦਾ ਇਹ ਮਨਸੂਬਾ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਦੀ ਪਾਰਟੀ ਦੇ ਹੀ ਕਈ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਸੁਪਰੀਮ ਕੋਰਟ ਨੇ ਵੀ ਇਸ ਫੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ।


Baljit Singh

Content Editor

Related News