ਬੋਰਿਸ ਜਾਨਸਨ ਦੀ ਜਿੱਤ ਨੇ ਬ੍ਰੈਗਜ਼ਿਟ ਦਾ ਰਾਹ ਕੀਤਾ ਪੱਧਰਾ

12/24/2019 3:54:27 PM

ਲੰਡਨ- ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਵੱਡੀ ਚੋਣ ਜਿੱਤ ਦੇ ਨਾਲ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ਵਿਚ ਜਾਰੀ ਉਲਝਣ ਖਤਮ ਹੋ ਗਈ। ਇਹ ਪਰਿਵਰਤਨ ਭਵਿੱਖ ਵਿਚ ਬ੍ਰਿਟੇਨ-ਭਾਰਤ ਦੇ ਵਿਚਾਲੇ ਰਣਨੀਤਿਕ ਸਬੰਧਾਂ ਦੇ ਲਈ ਵੀ ਚੰਗਾ ਸੰਕੇਤ ਹੈ। ਜਾਨਸਨ ਦੇ 31 ਜਨਵਰੀ ਤੱਕ 'ਬ੍ਰੈਗਜ਼ਿਟ ਕਰਨ' ਦੇ ਮੁੱਖ ਵਾਅਦੇ ਨੂੰ ਲਾਗੂ ਕਰਨ ਦੇ ਸਮਰਥਨ ਵਿਚ ਵੋਟਰਾਂ ਨੇ ਇਤਿਹਾਸਕ ਫਤਵਾ ਦਿੱਤਾ।

ਬ੍ਰਿਟੇਨ ਵਿਚ 12 ਦਸੰਬਰ ਨੂੰ ਹੋਈਆਂ ਆਮ ਚੋਣਾਂ ਦੇ ਕੇਂਦਰ ਵਿਚ ਬ੍ਰੈਗਜ਼ਿਟ ਹੀ ਸੀ। ਜੂਨ 2016 ਵਿਚ ਰਾਇਸ਼ੁਮਾਰੀ ਹੋਈ ਸੀ ਜੋ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਮਤਲਬ ਬ੍ਰੈਗਜ਼ਿਟ ਦੇ ਪੱਖ ਵਿਚ ਰਹੀ ਸੀ। ਉਦੋਂ ਤੋਂ ਹੀ ਸਿਆਸਤ 'ਤੇ ਇਹ ਵਿਸ਼ਾ ਹਾਵੀ ਰਿਹਾ ਹੈ। ਜਾਨਸਨ ਨੇ ਥੇਰੇਸਾ ਮੇਅ ਤੋਂ 10 ਡਾਊਨਿੰਗ ਸਟ੍ਰੀਟ ਦੀ ਕਮਾਨ ਜੁਲਾਈ ਵਿਚ ਲਈ ਸੀ। ਸਾਬਕਾ ਪ੍ਰਧਾਨ ਮੰਤਰੀ ਮੇਅ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਵਾਉਣ ਸਬੰਧੀ ਬਿੱਲ ਨੂੰ ਸੰਸਦ ਵਿਚ ਪਾਸ ਕਰਵਾਉਣ ਵਿਚ ਕਈ ਵਾਰ ਅਸਫਲ ਰਹੀ ਸੀ। ਹਾਲਾਂਕਿ ਹਾਊਸ ਆਫ ਕਾਮਨਸ ਵਿਚ ਜਾਨਸਨ ਨੂੰ ਵੀ ਇਸ ਪ੍ਰਸਤਾਵ ਨੂੰ ਲੈ ਕੇ ਇਸੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਕ੍ਰਿਸਮਸ ਤੋਂ ਪਹਿਲਾਂ ਆਮ ਚੋਣਾਂ ਕਰਵਾਉਣ ਦਾ ਜੋਖਿਮ ਚੁੱਕਿਆਂ ਤੇ ਇਹ ਉਹਨਾਂ ਦੇ ਲਈ ਲਾਭਦਾਇਕ ਰਿਹਾ। ਇਸ ਵਿਚ ਉਹਨਾਂ ਨੂੰ 364 ਸੀਟਾਂ ਹਾਸਲ ਹੋਈਆਂ। ਉਹਨਾਂ ਨੇ ਜਿੱਤ ਦੇ ਨਾਲ ਬ੍ਰਿਟੇਨ 28 ਮੈਂਬਰੀ ਆਰਥਿਕ ਸੰਘ ਤੋਂ 31 ਜਨਵਰੀ ਤੱਕ ਵੱਖ ਹੋਣ ਦੀ ਰਾਹ 'ਤੇ ਅੱਗੇ ਵਧ ਰਿਹਾ ਹੈ।

ਉਥੇ ਹੀ ਇਹ ਭਾਰਤ ਦੇ ਨਾਲ ਬ੍ਰਿਟੇਨ ਦੇ ਨੇੜਲੇ ਸਬੰਧਾਂ ਦੀ ਦਿਸ਼ਾ ਵਿਚ ਵਿਕਾਸ ਦਾ ਸੂਚਕ ਹੈ। ਚੋਣਾਂ ਤੋਂ ਕੁਝ ਦਿਨ ਪਹਿਲਾਂ ਸਵਾਮੀਨਾਰਾਇਣ ਮੰਦਰ ਵਿਚ ਮੱਥੇ 'ਤੇ ਤਿਲਕ ਲਾਏ ਜਾਨਸਨ ਨੇ ਕਿਹਾ ਸੀ ਕਿ ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਹਨ ਤੇ ਇਥੇ ਬ੍ਰਿਟੇਨ ਦੀ ਸਰਕਾਰ ਇਸ ਵਿਚ ਉਹਨਾਂ ਦਾ ਪੂਰਾ ਸਹਿਯੋਗ ਕਰੇਗੀ। ਉਹਨਾਂ ਨੇ ਕਿਹਾ ਸੀ ਕਿ ਬ੍ਰਿਟੇਨ ਦੇ ਭਾਰਤੀਆਂ ਨੇ ਪਹਿਲਾਂ ਹੀ ਕੰਜ਼ਰਵੇਟਿਵ ਦਲ ਨੂੰ ਚੋਣ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਦੋਂ ਮੈਂ ਨਰਿੰਦਰ ਭਾਈ (ਮੋਦੀ) ਨੂੰ ਇਹ ਦੱਸਿਆ ਤਾਂ ਉਹ ਹੱਸ ਪਏ ਤੇ ਉਹਨਾਂ ਨੇ ਕਿਹਾ ਕਿ ਭਾਰਤੀ ਹਮੇਸ਼ਾ ਜੇਤੂ ਪੱਖ ਵੱਲ ਰਹਿੰਦੇ ਹਨ। ਜਾਨਸਨ ਦੀ ਜਿੱਤ 'ਤੇ ਵਧਾਈ ਸਭ ਤੋਂ ਪਹਿਲਾਂ ਦੇਣ ਵਾਲੇ ਨੇਤਾਵਾਂ ਵਿਚੋਂ ਮੋਦੀ ਇਕ ਸਨ। ਜਾਨਸਨ ਦੇ ਸ਼ਾਸਨ ਨੇ ਅਧਿਐਨ ਤੋਂ ਬਾਅਦ ਕੰਮਕਾਜ ਸਬੰਧੀ ਵੀਜ਼ਾ ਬਹਾਲ ਕਰਨ ਦਾ ਫੈਸਲਾ ਲਿਆ ਸੀ, ਜਿਸਦਾ ਅਸਰ ਇਹ ਪਿਆ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਭਾਰਤੀਆਂ ਦੀ ਗਿਣਤੀ 63 ਫੀਸਦੀ ਜ਼ਿਆਦਾ ਸੀ। ਆਉਣ ਵਾਲੇ ਸਾਲ ਵਿਚ ਹੀਰਾ ਵਪਾਰੀ ਨੀਰਵ ਮੋਦੀ ਤੇ ਸ਼ਰਾਬ ਵਪਾਰੀ ਵਿਜੇ ਮਾਲਿਆ ਦੀ ਹਵਾਲਗੀ ਮਾਮਲੇ 'ਤੇ ਨਜ਼ਰ ਰਹੇਗੀ। ਨੀਰਵ ਮੋਦੀ ਦੀ ਹਵਾਲਗੀ ਮਾਮਲੇ ਵਿਚ ਸੁਣਵਾਈ ਲੰਡਨ ਦੇ ਵੈਸਟਮਿੰਡਸਰ ਮੈਜਿਸਟ੍ਰੇਟ ਕੋਰਟ ਵਿਚ ਮਈ 2020 ਵਿਚ ਹੋਵੇਗੀ। ਉਥੇ ਹੀ ਲੰਡਨ ਦੀ ਹਾਈ ਕੋਰਟ ਵਿਚ ਆਪਣੀ ਹਵਾਲਗੀ ਦੇ ਹੁਕਮ ਦੇ ਖਿਲਾਫ ਅਪੀਲ ਦਾ ਅਧਿਕਾਰ ਹਾਸਲ ਕਰਨ ਤੋਂ ਬਾਅਦ ਮਾਲਿਆ ਜ਼ਮਾਨਤ 'ਤੇ ਹਨ। ਇਸ ਅਪੀਲ 'ਤੇ ਅਗਲੇ ਸਾਲ ਫਰਵਰੀ ਵਿਚ ਸੁਣਵਾਈ ਹੋਵੇਗੀ।


Baljit Singh

Content Editor

Related News