ਪਤਨੀ ਨੂੰ 16 ਸਾਲ ਤੱਕ ਘਰ ''ਚ ਬੰਧਕ ਬਣਾ ਕੇ ਰੱਖਣ ਵਾਲੇ ਪਤੀ ਨੂੰ ਹੋਈ ਜੇਲ

Friday, Jun 22, 2018 - 11:53 AM (IST)

ਲੰਡਨ (ਬਿਊਰੋ)— ਵਰਤਮਾਨ ਸਮੇਂ ਵਿਚ ਅੱਜ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ 'ਤੇ ਹੁੰਦੇ ਅੱਤਿਆਚਾਰ ਦੀਆਂ ਖਬਰਾਂ ਰੋਜ਼ ਦੇਖਣ-ਸੁਨਣ ਨੂੰ ਮਿਲਦੀਆਂ ਹਨ। ਤਾਜ਼ਾ ਮਾਮਲਾ ਇੰਗਲੈਂਡ ਦਾ ਹੈ। ਇੱਥੇ ਰਹਿੰਦੇ ਏਸ਼ੀਆਈ ਮੂਲ ਦੇ ਇਕ ਸ਼ਖਸ ਨੇ ਬੀਤੇ 16 ਸਾਲਾਂ ਤੋਂ ਆਪਣੀ ਪਤਨੀ ਨੂੰ ਘਰ ਵਿਚ ਹੀ ਬੰਧਕ ਬਣਾਇਆ ਹੋਇਆ ਸੀ। ਉਹ ਆਏ ਦਿਨ ਆਪਣੀ ਪਤਨੀ ਨੂੰ ਬੁਰੀ ਤਰ੍ਹ੍ਹਾਂ ਕੁੱਟਦਾ ਸੀ। ਇਕ ਵਾਰੀ ਤਾਂ ਉਸ ਨੇ ਮੈਟਲ ਦੀ ਕੁਰਸੀ ਅਤੇ ਕਸਰਤ ਕਰਨ ਵਾਲੇ ਡੰਬਲ ਨਾਲ ਉਸ ਨੂੰ ਮਾਰਿਆ ਸੀ। ਮਹਿਲਾ ਨੂੰ ਇਲਾਜ ਲਈ ਡਾਕਟਰ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਬਰਮਿੰਘਮ ਕ੍ਰਾਊਨ ਕੋਰਟ ਨੇ ਮੰਗਲਵਾਰ ਨੂੰ ਸ਼ਖਸ ਨੂੰ ਦੋਸ਼ੀ ਠਹਿਰਾਉਂਦਿਆਂ 3 ਸਾਲ 9 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ।
ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ ਅਜ਼ੀਜ਼ ਰਹਿਮਾਨ ਦਾ ਦਸੰਬਰ 2000 ਵਿਚ ਜੇਨਿਥ ਬੀਬੀ ਨਾਲ ਵਿਆਹ ਹੋਇਆ ਸੀ। ਉਦੋਂ ਤੋਂ ਹੀ ਤਸ਼ੱਦਦ ਦਾ ਇਹ ਸਿਲਸਿਲਾ ਸ਼ੁਰੂ ਹੋਇਆ।  ਸਾਲ 2000 ਤੋਂ ਸਾਲ 2016 ਤੱਕ ਜੇਨਿਥ ਘਰ ਦੀ ਚਾਰਦੀਵਾਰੀ ਵਿਚ ਹੀ ਕੈਦ ਰਹੀ। ਇਨ੍ਹਾਂ 16 ਸਾਲਾਂ ਵਿਚ ਉਹ ਪੰਜ ਮਿੰਟ ਦੀ ਦੂਰੀ 'ਤੇ ਸਥਿਤ ਆਪਣੇ ਪਰਿਵਾਰ ਤੱਕ ਨੂੰ ਮਿਲਣ ਲਈ ਨਹੀਂ ਜਾ ਪਾਈ। ਜੇਨਿਥ ਨੇ ਕੋਰਟ ਵਿਚ ਦੱਸਿਆ ਕਿ ਜਦੋਂ ਵੀ ਅਜ਼ੀਜ਼ ਘਰੋਂ ਬਾਹਰ ਜਾਂਦਾ ਤਾਂ ਉਸ ਨੂੰ ਅੰਦਰ ਬੰਦ ਕਰ ਕੇ ਜਾਂਦਾ। ਉਸ ਨੇ ਘਰ ਦੇ ਮੁੱਖ ਦਰਵਾਜੇ 'ਤੇ ਇਕ ਖੁਫੀਆ ਡਿਵਾਈਸ ਵੀ ਲਗਾਇਆ ਹੋਇਆ ਸੀ। ਜੇਕਰ ਉਹ ਘਰੋਂ ਬਾਹਰ ਜਾਣ ਦੀ ਕੋਸ਼ਿਸ਼ ਵੀ ਕਰਦੀ ਤਾਂ ਅਜ਼ੀਜ਼ ਨੂੰ ਪਤਾ ਲੱਗ ਸਕਦਾ ਸੀ। 
16 ਸਾਲ ਤੱਕ ਤਸ਼ੱਦਦ ਝੱਲਣ ਮਗਰੋਂ ਆਖਿਰਕਾਰ ਜੁਲਾਈ 2016 ਵਿਚ ਜੇਨਿਥ ਘਰੋਂ ਭੱਜਣ ਵਿਚ ਸਫਲ ਹੋ ਗਈ। ਇਸ ਦੌਰਾਨ ਉਸ ਦਾ ਪਤੀ ਅਜ਼ੀਜ਼ ਦੇਸ਼ ਤੋਂ ਬਾਹਰ ਗਿਆ ਹੋਇਆ ਸੀ। ਇਸ ਮਗਰੋਂ ਜੇਨਿਥ ਨੇ ਪੁਲਸ ਨੂੰ ਹੱਡਬੀਤੀ ਸੁਣਾਈ। ਪੁਲਸ ਨੇ ਉਸ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਿਆ, ਜਿੱਥੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਪਾਈ। ਇਸ ਵਿਚਕਾਰ 28 ਜੁਲਾਈ ਨੂੰ ਜਦੋਂ ਅਜ਼ੀਜ਼ ਇੰਗਲੈਂਡ ਵਾਪਸ ਪਰਤਿਆ ਤਾਂ ਪੁਲਸ ਨੇ ਉਸ ਨੂੰ ਆਪਣੀ ਪਤਨੀ ਨੂੰ ਕੈਦ ਵਿਚ ਰੱਖਣ ਅਤੇ ਉਸ ਨੂੰ ਤਸ਼ੱਦਦ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਅਜ਼ੀਜ਼ ਪੁਲਸ ਸਾਹਮਣੇ ਵੀ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਖਾਰਜ਼ ਕਰਦਾ ਰਿਹਾ। ਮੀਡੀਆ ਸਾਹਮਣੇ ਵੀ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


Related News