ਬੋਲੀਵੀਆ ''ਚ ਮੰਕੀਪਾਕਸ ਨਾਲ ਦੂਜੀ ਮੌਤ
Friday, Oct 21, 2022 - 12:34 PM (IST)
 
            
            ਲਾ ਪਾਜ਼ (ਵਾਰਤਾ)- ਬੋਲੀਵੀਆ ਵਿਚ ਮੰਕੀਪਾਕਸ ਨਾਲ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਇਸ ਦੀ ਲਪੇਟ 'ਚ ਆਉਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਸੀ। ਸੈਨ ਜੁਆਨ ਡਿ ਡਿਓਸ ਪਬਲਿਕ ਹਸਪਤਾਲ ਦੇ ਨਿਰਦੇਸ਼ਕ ਮਾਰਸੇਲੋ ਕੁਏਲਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਮੰਕੀਪਾਕਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਸ ਨਾਲ ਹੋਣ ਵਾਲੀਆਂ ਜਟਿਲਤਾਵਾਂ ਕਾਰਨ ਅੱਜ ਦੂਜੀ ਮੌਤ ਹੋਈ ਹੈ।"
ਇਸ ਨਾਲ ਪੀੜਤ ਵਿਅਕਤੀ ਨੂੰ 10 ਅਕਤੂਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਬਿਮਾਰੀ ਨਾਲ ਸਬੰਧਤ ਸਾਰੇ ਗੰਭੀਰ ਲੱਛਣਾਂ ਕਾਰਨ ਮਰੀਜ਼ ਦੀ ਹਾਲਤ ਦਿਨੋ-ਦਿਨ ਵਿਗੜਦੀ ਗਈ ਅਤੇ ਬਾਅਦ ਵਿਚ ਉਸ ਦੇ ਸਰੀਰ ਦੇ ਮਹੱਤਵਪੂਰਣ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਸਿਹਤ ਅਤੇ ਖੇਡ ਮੰਤਰਾਲਾ ਅਨੁਸਾਰ, ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਹੁਣ ਤੱਕ 81 ਸਰਗਰਮ ਸਮੇਤ 237 ਮਾਮਲੇ ਦਰਜ ਕੀਤੇ ਗਏ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            