ਬੋਇੰਗ ਦੇ ਸੀ.ਈ.ਓ. ਨੇ ਮੰਗੀ ਮੁਆਫੀ, ਜਹਾਜ਼ ਹਾਦਸਿਆਂ 'ਚ ਮਾਰੇ ਗਏ 346 ਲੋਕ
Friday, Apr 05, 2019 - 02:50 PM (IST)

ਵਾਸ਼ਿੰਗਟਨ (ਏਜੰਸੀ)- ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਸੀ.ਈ.ਓ. ਨੇ ਵੀਰਵਾਰ ਨੂੰ ਮੰਨਿਆ ਕਿ ਜੈਟ 737 ਮੈਕਸ ਵਿਚ ਸਾਫਟਵੇਅਰ ਦੀ ਕਮੀ ਕਾਰਨ ਜਹਾਜ਼ ਹਾਦਸਿਆਂ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਵਿਚ ਹੁਣ ਤੱਕ 346 ਲੋਕ ਮਾਰੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਸਾਫਟਵੇਅਰ ਨੂੰ ਅਪਡੇਟ ਕਰ ਰਹੇ ਹਾਂ, ਜਿਸ ਨਾਲ ਅੱਗੇ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾ ਸਕੇ। ਮੁਈਲੇਨਬਰਗ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਵਾਪਰਣ ਤੋਂ ਰੋਕਣਾ ਸਾਡੀ ਜ਼ਿੰਮੇਵਾਰੀ ਹੈ, ਅਸੀਂ ਇਸ ਦੇ ਮਾਲਕ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਇਹ ਕਿਵੇਂ ਕਰਨਾ ਹੈ। ਇਥੋਪੀਆ ਏਅਰਲਾਈਨਜ਼ ਦੀ ਉਡਾਣ 302 ਦੀ ਰਿਪੋਰਟ ਆਉਣ ਤੋਂ ਬਾਅਦ ਬੋਇੰਗ ਦੇ ਮੁਈਲੇਨਬਰਗ ਨੇ ਇਸ ਦੀ ਜ਼ਿੰਮੇਵਾਰੀ ਲਈ। ਰਿਪੋਰਟ ਵਿਚ ਇਥੋਪੀਆਈ ਜਾਂਚਕਰਤਾਵਾਂ ਨੇ ਕਿਹਾ ਕਿ ਜੈਟ ਦੇ ਪਾਇਲਟਾਂ ਨੇ ਦੁਰਘਟਨਾ ਤੋਂ ਪਹਿਲਾਂ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਨ ਕੀਤਾ।
ਇਸ ਤੋਂ ਪਹਿਲਾਂ ਇਸ ਫੀਲਡ ਦੇ ਐਕਸਪਰਟ ਦਾ ਕਹਿਣਾ ਸੀ ਕਿ ਹਾਦਸੇ ਦੀ ਵਜ੍ਹਾ ਬੋਇੰਗ ਦੀ ਐਮ.ਸੀ.ਏ.ਐਸ. ਟੈਕਨਾਲੋਜੀ ਹੈ ਜੋ ਇਕ ਐਂਟੀ ਸਟਾਲ ਸਾਫਟਵੇਅਰ ਹੈ। ਵਿਵਾਦਾਂ ਤੋਂ ਬਾਅਦ ਬੋਇੰਗ ਨੇ ਅਪਡੇਟਡ ਐਮ.ਸੀ.ਏ.ਐਸ. ਸਾਫਟਵੇਅਰ ਦੀ ਟੈਸਟਿੰਗ ਕੀਤੀ ਹੈ। ਟੈਸਟ ਦੌਰਾਨ ਕੰਪਨੀ ਦੇ ਸੀ.ਈ.ਓ. ਡੇਨਿਸ ਮੁਲੇਨਬਰਗ ਖੁਦ ਜਹਾਜ਼ ਵਿਚ ਸਵਾਰ ਸਨ।
ਐਮ.ਸੀ.ਏ.ਐਸ. ਅਜਿਹਾ ਸਾਫਟਵੇਅਰ ਹੈ ਜੋ ਸਟਾਲਿੰਗ ਦੀ ਸਥਿਤੀ ਵਿਚ ਜਹਾਜ਼ ਦੇ ਨੋਜ਼ ਨੂੰ ਹੇਠਾਂ ਕਰਦਾ ਹੈ ਅਤੇ ਬੈਲੇਂਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਨੋਜ਼ ਦੇ ਹੇਠਾਂ ਜਾਣ ਤੋਂ ਪਹਿਲਾਂ ਪਾਇਲਟ ਘਬਰਾ ਜਾਂਦੇ ਹਨ ਅਤੇ ਮੈਨੁਅਲ ਅਤੇ ਆਟੋਮੈਟਿਕ ਕੋਸ਼ਿਸ਼ ਵਿਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਇਥੋਪੀਆ ਜਹਾਜ਼ ਹਾਦਸੇ ਤੋਂ ਕੁਝ ਮਹੀਨੇ ਪਹਿਲਾਂ ਲੀਓਨ ਏਅਰ ਹਾਦਸਾ ਹੋਇਆ ਸੀ। ਇਸ ਹਾਦਸੇ ਪਿੱਛੇ ਵੀ ਬੋਇਂਗ 737 ਮੈਕਸ 7 ਦਾ ਐਮ.ਸੀ.ਏ.ਐਸ. ਸਾਫਟਵੇਅਰ ਜ਼ਿੰਮੇਵਾਰ ਠਹਿਰਾਇਆ ਗਿਆ।