ਦਸ ਦਿਨ ਪਹਿਲਾਂ ਲਾਪਤਾ ਹੋਈ ਔਰਤ ਦੀ 15 ਫੁੱਟ ਚਿੱਕੜ ਹੇਠਾਂ ਦੱਬੀ ਹੋਈ ਲਾਸ਼ ਹੋਈ ਬਰਾਮਦ

Monday, Jan 25, 2021 - 11:36 AM (IST)

ਦਸ ਦਿਨ ਪਹਿਲਾਂ ਲਾਪਤਾ ਹੋਈ ਔਰਤ ਦੀ 15 ਫੁੱਟ ਚਿੱਕੜ ਹੇਠਾਂ ਦੱਬੀ ਹੋਈ ਲਾਸ਼ ਹੋਈ ਬਰਾਮਦ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਓਰੇਗਨ ਵਿਚ ਤਕਰੀਬਨ 10 ਦਿਨ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼ ਚਿੱਕੜ ਅਤੇ ਚੱਟਾਨਾਂ ਦੇ ਮਲਬੇ ਹੇਠ 15 ਫੁੱਟ ਦੇ ਕਰੀਬ ਦੱਬੀ ਹੋਈ ਮਿਲੀ ਹੈ। 

ਮਲਟਨੋਮਾਹ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਜੈਨੀਫਰ ਮੂਰ (50) ਨਾਮ ਦੀ ਔਰਤ ਨਾਲ ਇਹ ਘਟਨਾ 13 ਜਨਵਰੀ ਨੂੰ ਸਵੇਰੇ ਕਰੀਬ 1:15 ਵਜੇ ਡੋਡਸਨ ਵਿਖੇ ਕਾਰ ਚਲਾਉਣ ਦੌਰਾਨ ਸੜਕ ਤੋਂ ਪਾਸੇ ਚਿੱਕੜ ਵਿਚ ਕਾਰ ਸਣੇ ਡਿੱਗਣ ਨਾਲ ਵਾਪਰੀ। ਇਸ ਘਟਨਾ ਦੇ ਕਈ ਦਿਨਾਂ ਬਾਅਦ ਜਾਂਚ ਕਰਤਾਵਾਂ ਨੇ ਚਿੱਕੜ ਵਾਲੇ ਮਲਬੇ ਦੇ ਵਹਾਅ ਵਿਚ ਇਕ ਖੇਤਰ ਦੀ ਪਛਾਣ ਕੀਤੀ, ਜਿੱਥੇ ਕਿ ਮੂਰ ਦੀ ਗੱਡੀ ਜਾ ਸਕਦੀ ਸੀ। 

ਇਸ ਦੇ ਬਾਅਦ ਅਧਿਕਾਰੀਆਂ ਨੇ ਮਲਬਾ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਅਨੁਸਾਰ ਮੂਰ ਜੋ ਕਿ ਵਰੇਂਡੇਲ, ਓਰੇਗਨ ਤੋਂ ਇਕ ਰਜਿਸਟਰਡ ਨਰਸ ਸੀ, ਦਾ ਪਤਾ ਲਗਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨੀ ਪਈ, ਜਿਸ ਵਿਚ ਫਰੰਟ ਲੋਡਰ ਅਤੇ ਡੰਪ ਟਰੱਕ ਸ਼ਾਮਲ ਸਨ। ਅਖੀਰ ਵਿਚ ਅਧਿਕਾਰੀਆਂ ਅਨੁਸਾਰ ਮੂਰ ਦੀ ਕਾਰ ਤਕਰੀਬਨ 15 ਫੁੱਟ ਇਸ ਚਿੱਕੜ, ਚੱਟਾਨਾਂ ਭਰੇ ਮਲਬੇ ਹੇਠ ਦੱਬੀ ਹੋਈ ਮਿਲੀ। ਇਸ ਕਾਰਵਾਈ ਦੌਰਾਨ ਇਕ ਪ੍ਰਾਈਵੇਟ ਠੇਕੇਦਾਰ ਨੇ ਕਾਰ ਦੀ ਸਹੀ ਸਥਿਤੀ ਦਾ ਪਤਾ ਕਰਨ ਲਈ ਇਕ ਤਾਕਤਵਰ ਮੈਟਲ ਡਿਟੈਕਟਰ ਦੀ ਵਰਤੋਂ ਕੀਤੀ। ਅਧਿਕਾਰੀਆਂ ਅਨੁਸਾਰ ਕਿਸੇ ਨੂੰ ਵੀ ਮੂਰ ਨਾਲ ਇੰਨਾ ਭਿਆਨਕ ਹਾਦਸਾ ਵਾਪਰਣ ਦੀ ਉਮੀਦ ਨਹੀ ਸੀ ਪਰ ਉਸ ਦੀ ਲਾਸ਼ ਦੇ ਮਿਲਣ ਨਾਲ ਉਸਦੇ ਲਾਪਤਾ ਹੋਣ ਦੀ ਤਲਾਸ਼ ਖਤਮ ਹੋ ਗਈ ਹੈ।


author

Lalita Mam

Content Editor

Related News