ਗਾਜ਼ਾ ਪੀਸ ਡੀਲ ਖ਼ਿਲਾਫ਼ ਪਾਕਿਸਤਾਨ 'ਚ ਖੂਨੀ ਝੜਪ, ਪੁਲਸ ਫਾਇਰਿੰਗ 'ਚ 250 ਮੌਤਾਂ ਤੇ 1500 ਜ਼ਖ਼ਮੀ
Monday, Oct 13, 2025 - 09:23 PM (IST)

ਇਸਲਾਮਾਬਾਦ : ਪਾਕਿਸਤਾਨ ਵਿੱਚ ਗਾਜ਼ਾ ਪੀਸ ਡੀਲ (Gaza Peace Plan) ਦੇ ਵਿਰੋਧ ਵਿੱਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਹੁਣ ਖੂਨੀ ਰੂਪ ਧਾਰ ਚੁੱਕੇ ਹਨ। ਧਾਰਮਿਕ ਤੇ ਰਾਜਨੀਤਿਕ ਸੰਗਠਨ ਤਹਰੀਕ-ਏ-ਲਬੈਕ ਪਾਕਿਸਤਾਨ (TLP) ਨੇ ਦਾਅਵਾ ਕੀਤਾ ਹੈ ਕਿ ਪੁਲਸ ਦੀ ਗੋਲੀਬਾਰੀ ਵਿੱਚ ਉਨ੍ਹਾਂ ਦੇ 250 ਤੋਂ ਵੱਧ ਕਾਰਕੁਨ ਅਤੇ ਆਗੂ ਮਾਰੇ ਗਏ ਹਨ, ਜਦਕਿ 1500 ਤੋਂ ਵੱਧ ਜ਼ਖ਼ਮੀ ਹੋਏ ਹਨ।
ਰਿਪੋਰਟਾਂ ਮੁਤਾਬਕ, ਪਾਕਿਸਤਾਨ ਸਰਕਾਰ ਵੱਲੋਂ ਟਰੰਪ ਦੇ ਪੀਸ ਪਲਾਨ ਦਾ ਸਮਰਥਨ ਕਰਨ ਤੋਂ ਬਾਅਦ ਇਹ ਵਿਰੋਧ ਹੋਰ ਤੀਬਰ ਹੋ ਗਿਆ ਹੈ। TLP ਦੇ ਮੁਖੀ ਸਾਦ ਹੁਸੈਨ ਰਿਜ਼ਵੀ ਨੇ ਲਾਹੌਰ ਤੋਂ ਇਸਲਾਮਾਬਾਦ ਤੱਕ ਲੰਬਾ ਮਾਰਚ ਸ਼ੁਰੂ ਕੀਤਾ ਸੀ, ਜੋ ਗਾਜ਼ਾ ਦੇ ਹੱਕ ‘ਚ ਤੇ ਇਜ਼ਰਾਈਲ ਦੇ ਖ਼ਿਲਾਫ਼ ਚਲਾਇਆ ਜਾ ਰਿਹਾ ਸੀ। ਮਾਰਚ ਦੌਰਾਨ ਰਿਜ਼ਵੀ ਨੂੰ ਤਿੰਨ ਗੋਲੀਆਂ ਲੱਗੀਆਂ, ਤੇ ਉਹ ਇਸ ਵੇਲੇ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹਨ।
ਹਾਲਾਂਕਿ ਸਰਕਾਰ ਵੱਲੋਂ ਮੌਤਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਪੰਜਾਬ ਪ੍ਰਾਂਤ ਦੇ ਕਈ ਹਿੱਸਿਆਂ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਕੁਝ ਇਲਾਕਿਆਂ ਵਿੱਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪਾਂ ਜਾਰੀ ਹਨ।
ਦੋ ਪੁਲਸ ਅਧਿਕਾਰੀਆਂ ਦੀ ਵੀ ਮੌਤ
ਮੁਰੀਦਕੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੌਰਾਨ ਪੁਲਸ ਨੇ ਲਾਠੀਚਾਰਜ ਤੇ ਅੰਸੂ ਗੈਸ ਦੀ ਵਰਤੋਂ ਕੀਤੀ। ਹਿੰਸਕ ਝੜਪਾਂ ਦੌਰਾਨ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਰਿਪੋਰਟਾਂ ਅਨੁਸਾਰ, ਇਹ ਓਪਰੇਸ਼ਨ ਰਾਤ 2 ਵਜੇ ਸ਼ੁਰੂ ਹੋ ਕੇ ਸਵੇਰੇ 7 ਵਜੇ ਤੱਕ ਚੱਲਿਆ। ਪ੍ਰਦਰਸ਼ਨ ਦੌਰਾਨ 170 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਕਵਰੇਜ਼ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
2015 ਵਿੱਚ ਹੋਈ ਸੀ ਸਥਾਪਨਾ
TLP ਦੀ ਸਥਾਪਨਾ 2015 ਵਿੱਚ ਖ਼ਾਦਿਮ ਹੁਸੈਨ ਰਿਜ਼ਵੀ ਨੇ ਕੀਤੀ ਸੀ, ਜਿਨ੍ਹਾਂ ਨੇ ਈਸ਼ ਨਿੰਦਾ ਮਾਮਲੇ ‘ਤੇ ਰਾਸ਼ਟਰੀ ਪੱਧਰ ‘ਤੇ ਵੱਡੇ ਪ੍ਰਦਰਸ਼ਨ ਕੀਤੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ 2021 ਵਿੱਚ ਉਨ੍ਹਾਂ ਦੇ ਪੁੱਤਰ ਸਾਦ ਰਿਜ਼ਵੀ ਨੇ ਸੰਗਠਨ ਦੀ ਕਮਾਨ ਸੰਭਾਲੀ।
ਮੌਜੂਦਾ ਹਾਲਾਤਾਂ ਨੇ ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਸ਼ਲੇਸ਼ਕਾਂ ਦੇ ਮੁਤਾਬਕ, ਜੇ ਹਿੰਸਾ ਨਾ ਰੁਕੀ ਤਾਂ ਇਹ ਸੰਕਟ ਹੋਰ ਗੰਭੀਰ ਰੂਪ ਧਾਰ ਸਕਦਾ ਹੈ।