‘ਡੁਰੰਡ ਲਾਈਨ’ ’ਤੇ ਅਫਗਾਨਿਸਤਾਨ-ਪਾਕਿਸਤਾਨ ਵਿਚਾਲੇ ਬਣੇ ਜੰਗ ਵਰਗੇ ਹਾਲਾਤ
Friday, Nov 28, 2025 - 01:59 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਪਾਕਿਸਤਾਨ ਨੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਅਫਗਾਨਿਸਤਾਨ ਦੇ ਖੋਸਤ, ਪਕਤਿਕਾ ਸਮੇਤ 4 ਸੂਬਿਆਂ ’ਚ ਡਰੋਨ ਹਮਲੇ ਕੀਤੇ ਹਨ, ਜਿਨ੍ਹਾਂ ’ਚ 9 ਬੱਚਿਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਤੋਂ ਬਾਅਦ ਤਾਲਿਬਾਨ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ’ਚ ਇਸਲਾਮਿਕ ਕਾਨੂੰਨ ਤਹਿਤ ਪਾਕਿਸਤਾਨ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਗਈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਡੁਰੰਡ ਲਾਈਨ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਵਿਵਾਦਤ ਬਾਰਡਰ ਹੈ ਅਤੇ ਜਿਸ ਨੂੰ ਤਾਲਿਬਾਨ ਮਾਨਤਾ ਨਹੀਂ ਦਿੰਦਾ ਹੈ, ਉਥੇ ਭਾਰੀ ਤਣਾਅ ਹੈ। ਦੋਵਾਂ ਦੇਸ਼ਾਂ ਨੇ ਆਪਣੀਆਂ ਫਰੰਟਲਾਈਨ ਚੌਕੀਆਂ ’ਤੇ ਭਾਰੀ ਤੋਪਖਾਨਾ ਤਾਇਨਾਤ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਫੌਜ ਦੇ ਜਵਾਨਾਂ ਦੀ ਤੇਜ਼ ਮੂਵਮੈਂਟ ਦੀ ਖਬਰ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਅਸਥਾਈ ਜੰਗਬੰਦੀ ਟੁੱਟਣ ਦੀ ਸੰਭਾਵਨਾ ਵੱਧ ਗਈ ਹੈ। ਇੰਟੈਲੀਜੈਂਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਸੰਭਾਵੀ ਟਕਰਾਅ ਦੀ ਤਿਆਰੀ ਕਰ ਰਹੇ ਹਨ ਅਤੇ ਹਾਲਾਤ ਖਰਾਬ ਹੋ ਸਕਦੇ ਹਨ।
