ਜੰਗ ਦਾ ਮੈਦਾਨ ਬਣ ਗਿਆ ''ਦੋਸਤਾਨਾ ਦਰਵਾਜ਼ਾ'' ! ਪਾਕਿ-ਅਫ਼ਗਾਨਿਸਤਾਨ ਵਿਚਾਲੇ ਮੁੜ ਹੋਈ ਫਾਇਰਿੰਗ, ਵਧ ਗਿਆ ਤਣਾਅ

Saturday, Dec 06, 2025 - 12:31 PM (IST)

ਜੰਗ ਦਾ ਮੈਦਾਨ ਬਣ ਗਿਆ ''ਦੋਸਤਾਨਾ ਦਰਵਾਜ਼ਾ'' ! ਪਾਕਿ-ਅਫ਼ਗਾਨਿਸਤਾਨ ਵਿਚਾਲੇ ਮੁੜ ਹੋਈ ਫਾਇਰਿੰਗ, ਵਧ ਗਿਆ ਤਣਾਅ

ਇੰਟਰਨੈਸ਼ਨਲ ਡੈਸਕ :ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਜੰਗ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਕਾਰਨ ਇਨ੍ਹਾਂ ਦੋਵੇਂ ਦੇਸ਼ਾਂ ਦਾ ''ਦੋਸਤਾਨਾ ਦਰਵਾਜ਼ਾ'' ਇਕ ਵਾਰ ਫਿਰ ਤੋਂ ਯੁੱਧ ਦਾ ਮੈਦਾਨ ਬਣ ਗਿਆ ਹੈ। ਇਸੇ ਦੌਰਾਨ ਬੀਤੀ ਦੇਰ ਰਾਤ ਚਮਨ ਬਾਰਡਰ 'ਤੇ ਪਾਕਿਸਤਾਨ ਅਤੇ ਅਫਗਾਨੀ ਸੈਨਾ 'ਚ ਇਕ ਵਾਰ ਫਿਰ ਤੋਂ ਭਿਆਨਕ ਗੋਲਾਬਾਰੀ ਹੋਣ ਦੀ ਸੂਚਨਾ ਮਿਲੀ ਹੈ। ਮੀਡੀਆ ਰਿਪੋਰਟ ਅਨੁਸਾਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਇਸ ਗੋਲਾਬਾਰੀ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।  

ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਇਕ-ਦੂਸਰੇ 'ਤੇ ਗੋਲੀਬਾਰੀ ਕਰਨ ਦੇ ਦੋਸ਼ ਲਗਾਏ ਗਏ। ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਅਫਗਾਨ ਬਲਾਂ ਨੇ ਬਦਾਨੀ ਖੇਤਰ 'ਚ ਮੋਰਟਾਰ ਦਾਗੇ, ਜਦਕਿ ਅਫਗਾਨ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜ਼ਾਹਿਦ ਨੇ ਦੋਸ਼ ਲਗਾਇਆ ਕਿ ਪਹਿਲਾਂ ਪਾਕਿਸਤਾਨ ਨੇ ਸਪਿਨ ਬੋਲਦਕ 'ਤੇ ਹਮਲਾ ਕੀਤਾ ਸੀ, ਜਿਸ 'ਤੇ ਪਾਕਿਸਤਾਨ ਦੀ ਸੈਨਾ ਨੇ ਜਵਾਬੀ ਹਮਲਾ ਕੀਤਾ। ਪਾਕਿਸਤਾਨੀ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਫਗਾਨ ਸੈਨਾ ਵੱਲੋਂ ਪਹਿਲਾਂ ਹਮਲਾ ਕਰਨ 'ਤੇ ਪਾਕਿਸਤਾਨੀ ਸੈਨਾ ਨੇ ਗੋਲਾਬਾਰੀ ਕੀਤੀ।

ਚਮਨ ਬਾਰਡਰ, ਜਿਸ ਨੂੰ 'ਦੋਸਤਾਨਾ ਦਰਵਾਜ਼ਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬਲੋਚਿਸਤਾਨ ਪ੍ਰਾਂਤ ਨੂੰ ਅਫਗਾਨਿਸਤਾਨ ਦੇ ਕੰਧਾਰ ਨਾਲ ਜੋੜਦਾ ਹੈ। ਦੋਵੇਂ ਦੇਸ਼ ਪਿਛਲੇ ਮਹੀਨੇ ਤਣਾਅ ਦੇ ਬਾਅਦ ਯੁੱਧਬੰਦੀ ਸਮਝੌਤੇ ਲਈ ਸਹਿਮਤ ਹੋ ਗਏ ਸਨ, ਪਰ ਪਾਕਿਸਤਾਨ ਦੇ ਵਿਦੇਸ਼ੀ ਦਫਤਰ ਅਨੁਸਾਰ ਦੋਵੇਂ ਦੇਸ਼ਾਂ 'ਚ ਯੁੱਧਬੰਦੀ ਦਾ ਅਜਿਹਾ ਕੋਈ ਸਮਝੌਤਾ ਲਾਗੂ ਨਹੀਂ ਹੋਇਆ। ਅਫਗਾਨ ਤਾਲਿਬਾਨ ਵੱਲੋਂ ਵਾਰ-ਵਾਰ ਪਾਕਿਸਤਾਨ 'ਤੇ ਗੋਲਾਬਾਰੀ ਕਰਕੇ ਤਣਾਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰ ਕੇ ਪਾਕਿਸਤਾਨੀ ਸੈਨਾ ਨੂੰ ਜਵਾਬੀ ਕਾਰਵਾਈ ਲਈ ਹਮਲੇ ਕਰਨੇ ਪੈ ਰਹੇ ਹਨ। ਜੇਕਰ ਅਫਗਾਨ ਤਾਲਿਬਾਨ ਹਮਲੇ ਨਾ ਕਰੇ ਤਾਂ ਸਥਿਤੀ ਕੰਟਰੋਲ ਹੇਠ ਰਹਿ ਸਕਦੀ ਹੈ ਪਰ ਅਫਗਾਨੀ ਸੈਨਾ ਅਜਿਹਾ ਕਰਨ 'ਚ ਨਾਕਾਮ ਰਹੀ ਹੈ।


author

DILSHER

Content Editor

Related News