ਅਫਗਾਨਿਸਤਾਨ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ’ਚ ਆਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ
Wednesday, Nov 26, 2025 - 12:22 PM (IST)
ਗੁਰਦਾਸਪੁਰ/ਲਾਹੌਰ (ਵਿਨੋਦ)- ਜਦੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਤਣਾਅ ਵਧ ਰਿਹਾ ਸੀ ਤਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਸੀ ਕਿ ਵਪਾਰ ਮੁਅੱਤਲ ਕਰਨ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਹਾਲਾਂਕਿ ਇਹ ਬਿਆਨ ਸੱਚ ਤੋਂ ਬਹੁਤ ਦੂਰ ਸਾਬਿਤ ਹੋਇਆ ਹੈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਿਛਲੇ ਮਹੀਨੇ ਹੋਈਆਂ ਸਰਹੱਦੀ ਝੜਪਾਂ ਤੋਂ ਬਾਅਦ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਬਹੁਤ ਤਣਾਅਪੂਰਨ ਹੋ ਗਏ ਹਨ। ਇਸ ਦਾ ਸਿੱਧਾ ਅਸਰ ਪਾਕਿਸਤਾਨ ਦੇ ਬਾਜ਼ਾਰ ’ਤੇ ਪੈ ਰਿਹਾ ਹੈ ਅਤੇ ਲੋਕ ਮਹਿੰਗਾਈ ਤੋਂ ਪੀੜਤ ਹਨ। ਅਫਗਾਨਿਸਤਾਨ ਨਾਲ ਵਪਾਰ ਮੁਅੱਤਲ ਕਰਨ ਤੋਂ ਬਾਅਦ ਪਾਕਿਸਤਾਨ ਦੇ ਕਈ ਇਲਾਕਿਆਂ, ਖਾਸ ਕਰ ਕੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ਵਿਚ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।
ਇਸ ਦੌਰਾਨ ਅਫਗਾਨਿਸਤਾਨ ’ਚ ਨਾ ਭੇਜੇ ਜਾਣ ਕਾਰਨ ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਨਾਲ ਪਾਕਿਸਤਾਨੀਆਂ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ। ਪਾਕਿਸਤਾਨ ’ਚ ਜ਼ਿੰਦਾ ਮੁਰਗੇ ਸਤੰਬਰ ’ਚ 460-470 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ ਪਰ ਹੁਣ 300-330 ਰੁਪਏ ਦੇ ਹਿਸਾਬ ਨਾਲ ਵਿਕ ਰਹੇ ਹਨ। ਇਸੇ ਤਰ੍ਹਾਂ ਬੋਨਲੈੱਸ ਮੀਟ ਸਤੰਬਰ ਦੇ 1000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੁਲਨਾ ’ਚ ਹੁਣ 700 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ।
