ਪਾਕਿਸਤਾਨ ’ਚ ਹੈਲਥਕੇਅਰ ਸਿਸਟਮ ਠੱਪ: ਹਸਪਤਾਲਾਂ ’ਚ ਸਟਾਫ ਸੰਕਟ ਹੋਇਆ ਡੂੰਘਾ
Sunday, Dec 07, 2025 - 01:11 AM (IST)
ਇਸਲਾਮਾਬਾਦ - ਪਾਕਿਸਤਾਨ ਦੇ ਲਾਹੌਰ ’ਚ ਸਿਹਤ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ, ਜਿੱਥੇ ਯੋਗ ਅਨਸਥੀਸੀਓਲਾਜਿਸਟ ਦੀ ਭਾਰੀ ਕਮੀ ਨੇ ਹਸਪਤਾਲਾਂ ’ਚ ਸਰਜਰੀ ਲੱਗਭਗ ਠੱਪ ਕਰ ਦਿੱਤੀ ਹੈ। ਮਾਇਓ, ਜਿਨਾਹ ਅਤੇ ਸਰਵਿਸਿਜ਼ ਵਰਗੇ ਵੱਡੇ ਸਰਕਾਰੀ ਹਸਪਤਾਲਾਂ ’ਚ ਦਰਜਨਾਂ ਅਨਸਥੀਸੀਓਲਾਜਿਸਟ ਦੇ ਕੰਟਰੈਕਟ ਅਚਾਨਕ ਖ਼ਤਮ ਕਰ ਦਿੱਤੇ ਗਏ, ਜਿਸ ਨਾਲ ਆਪ੍ਰੇਸ਼ਨ ਥੀਏਟਰਾਂ ’ਚ ਸਟਾਫ ਦੀ ਭਾਰੀ ਕਮੀ ਹੋ ਗਈ। ਇਨ੍ਹਾਂ ਡਾਕਟਰਾਂ ਦੀ ਅਚਾਨਕ ਵਿਦਾਈ ਤੋਂ ਬਾਅਦ ਹਸਪਤਾਲ ਸਿਰਫ ਐਮਰਜੈਂਸੀ ਅਤੇ ਜੀਵਨ-ਰੱਖਿਅਕ ਸਰਜਰੀ ਹੀ ਕਰ ਰਹੇ ਹਨ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਪੰਜਾਬ ਸਿਹਤ ਵਿਭਾਗ ਨੂੰ ਚਿਤਾਵਨੀ ਦਿੱਤੀ ਸੀ ਕਿ ਸਥਾਈ ਭਰਤੀ ਕੀਤੇ ਬਿਨਾਂ ਲੋਕਲ ਡਾਕਟਰਾਂ ਨੂੰ ਨਾ ਹਟਾਇਆ ਜਾਵੇ ਪਰ ਉਨ੍ਹਾਂ ਦੀ ਅਪੀਲ ਅਣਸੁਣੀ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਸੂਬੇ ਭਰ ’ਚ ਸਾਰੀਆਂ ਬਦਲਵੀਆਂ ਸਰਜਰੀਆਂ ਰੋਕ ਦਿੱਤੀਆਂ ਗਈਆਂ ਹਨ ਅਤੇ ਮਰੀਜ਼ ਮਹੀਨਿਆਂ ਤੋਂ ਪੈਂਡਿੰਗ ਪਏ ਆਪ੍ਰੇਸ਼ਨ ਲਈ ਉਡੀਕ ਕਰ ਰਹੇ ਹਨ।
