'Living Dinosaur': 20 ਸਾਲ ਬਾਅਦ ਮਿਲਿਆ ਖੂਨ ਪੀਣ ਵਾਲਾ ਰਹੱਸਮਈ ਜੀਵ
Friday, Oct 29, 2021 - 12:46 PM (IST)
ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੀ ਮਾਰਗ੍ਰੇਟ ਨਦੀ ਵਿਚ ਟੂਰ ਗਾਈਡ ਦਾ ਕੰਮ ਕਰਨ ਵਾਲੇ ਸੀਨ ਬਲਾਕਸਿਡਜੇ ਦੀ 20 ਸਾਲ ਦੀ ਤਲਾਸ਼ ਪੂਰੀ ਹੋ ਗਈ ਹੈ। ਸੀਨ ਦੇ ਹੱਥ 'ਜ਼ਿੰਦਾ ਡਾਇਨਾਸੋਰ' ਲੱਗਿਆ ਹੈ ਜੋ ਖੂਨ ਪੀਂਦਾ ਹੈ। ਇਸ ਦੇ ਦੰਦ ਇੰਨੇ ਖਤਰਨਾਕ ਹਨ ਕਿ ਇਨਸਾਨ ਪਹਿਲੀ ਹੀ ਨਜ਼ਰ ਵਿਚ ਦਹਿਸ਼ਤ ਵਿਚ ਆ ਜਾਵੇ। ਸੀਨ ਇੰਨੇ ਸਾਲਾਂ ਤੋਂ ਮਾਰਗ੍ਰੇਟ ਨਦੀ ਨੂੰ ਲੋਕਾਂ ਨੂੰ ਦਿਖਾਉਂਦੇ ਰਹੇ ਹਨ ਅਤੇ ਇਸ ਰਹੱਸਮਈ ਜੀਵ ਦੀ ਤਲਾਸ਼ ਕਰ ਰਹੇ ਸਨ।ਜ਼ਿੰਦਾ ਡਾਇਨਾਸੋਰ ਕਿਹਾ ਜਾਣ ਵਾਲਾ ਇਹ 'ਈਲ' ਜਿਹਾ ਜੀਵ ਪਹਿਲੀ ਵਾਰ ਉਹਨਾਂ ਨੂੰ ਨਜ਼ਰ ਆਇਆ ਹੈ।
ਸੀਨ ਨੇ ਕਈ ਸਥਾਨਕ ਲੋਕਾਂ ਤੋਂ ਇਸ ਜੀਵ ਦੇ ਬਾਰੇ ਸੁਣਿਆ ਸੀ ਜੋ ਇੱਥੋਂ ਦੇ ਇਕ ਝਰਨੇ ਨੇੜੇ ਪਾਇਆ ਜਾਂਦਾ ਹੈ।ਇਸ ਮਗਰੋਂ ਉਹਨਾਂ ਨੇ ਈਲ ਦੀ ਤਲਾਸ਼ ਕਰਨ ਦੀ ਸੋਚੀ। ਸੀਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਕਿਸੇ ਨੇ ਵੀ ਇਸ ਜੀਵ ਨੂੰ ਨਹੀਂ ਦੇਖਿਆ ਸੀ।
ਲੈਮਪ੍ਰੇਅਸ ਇਕ ਤਰ੍ਹਾਂ ਦੀ ਮੱਛੀ ਹੈ ਜਿਸ ਦੇ ਜਬਾੜੇ ਨਹੀਂ ਹੁੰਦੇ ਹਨ ਅਤੇ ਦੇਖਣ ਵਿਚ ਈਲ ਜਿਹੀ ਹੁੰਦੀ ਹੈ। ਇਹ ਜੀਵ ਕਰੋੜਾਂ ਸਾਲ ਪਹਿਲਾਂ ਵਿਕਸਿਤ ਹੋਇਆ ਅਤੇ ਹੋਰ ਜੀਵਾਂ ਦਾ ਖੂਨ ਪੀਣ ਲਈ ਬਦਨਾਮ ਹੈ।ਇਸੇ ਕਾਰਨ ਇਸ ਰਹੱਸਮਈ ਜੀਵ ਨੂੰ ਵੈਂਪਾਇਰ ਫਿਸ਼ ਕਿਹਾ ਜਾਂਦਾ ਹੈ।
20 ਸਾਲ ਬਾਅਦ ਮਿਲੇ 6 ਈਲ
ਸੀਨ ਨੇ ਮਿਰਰ ਨਾਲ ਗੱਲਬਾਤ ਵਿਚ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਯੇਤੀ ਜਾਂ ਲੋਚ ਨੇਸ ਰਾਖਸ਼ ਨੂੰ ਲੱਭਣ ਵਾਂਗ ਹੈ। ਕਰੀਬ 20 ਸਾਲ ਤੱਕ ਤਲਾਸ਼ ਕਰਨ ਦੇ ਬਾਅਦ ਸੀਨ ਨੂੰ ਇਕ ਵਾਰ ਵਿਚ 6 ਈਲ ਮਿਲੇ। ਉਹਨਾਂ ਨੇ ਕਿਹਾ,''ਇਹ ਕਿਸੇ ਸੁਪਨੇ ਦੇ ਸੱਚ ਹੋਣ ਜਿਹਾ ਸੀ।'' ਮੈਂ ਬਜ਼ੁਰਗਾਂ ਤੋਂ ਕਈ ਵਾਰ ਇਹ ਸੁਣਿਆ ਸੀ ਕਿ ਕਿਸ ਤਰ੍ਹਾਂ ਖੂਨ ਪੀਣ ਵਾਲਾ ਜੀਵ ਵੱਡੀ ਗਿਣਤੀ ਵਿਚ ਸਥਾਨਕ ਝਰਨਿਆਂ ਨੇੜੇ ਆ ਜਾਂਦਾ ਸੀ। ਸੀਨ ਨੇ ਦੱਸਿਆ ਕਿ ਇਹ ਜੀਵ ਪਿਛਲੇ ਇਕ ਦਹਾਕੇ ਤੋਂ ਇੱਥੇ ਨਹੀਂ ਦੇਖਿਆ ਗਿਆ ਸੀ। ਉਹ 20 ਸਾਲ ਤੋਂ ਰੋਜ਼ਾਨਾ ਇਸ ਆਸ ਨਾਲ ਜਾਂਦਾ ਸੀ ਕਿ ਅੱਜ ਈਲ ਦਿਸਣਗੇ। ਹੁਣ ਜਾ ਕੇ ਇਹ ਤਲਾਸ਼ ਪੂਰੀ ਹੋਈ ਹੈ। ਸੀਨ ਮੁਤਾਬਕ ਉਹ ਇਸ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ। ਇਹ ਦੇਖਣ ਵਿਚ ਲੰਬੇ ਨੀਲੇ ਟਿਊਬ ਵਾਂਗ ਸਨ।
ਪੜ੍ਹੋ ਇਹ ਅਹਿਮ ਖਬਰ - ਰੂਸ 'ਚ ਗਾਂ ਨੇ ਦੋ ਸਿਰ ਅਤੇ ਸੂਰ ਜਿਹੇ ਸਰੀਰ ਵਾਲੇ 'ਵੱਛੇ' ਨੂੰ ਦਿੱਤਾ ਜਨਮ, ਬਣਿਆ ਚਰਚਾ ਦਾ ਵਿਸ਼ਾ
ਡਾਇਨਾਸੋਰ ਦੇ ਸਮੇਂ ਤੋਂ ਮੌਜੂਦ ਹੈ ਇਹ ਜੀਵ
ਸੀਨ ਨੇ ਕਿਹਾ,''ਇਹ ਦੇਖਣ ਵਿਚ ਈਲ ਵਾਂਗ ਹੀ ਸਨ। ਉਹਨਾਂ ਦੇ ਮੂੰਹ ਡਾਇਨਾਸੋਰ ਵਾਂਗ ਬਹੁਤ ਖੌਫਨਾਕ ਸਨ ਅਤੇ ਤਿੱਖੇ ਦੰਦਾਂ ਨਾਲ ਭਰੇ ਹੋਏ ਸਨ। ਭਾਵੇਂਕਿ ਇਹ ਬਹੁਤ ਹੀ ਸੁੰਦਰ ਜੀਵ ਸਨ ਅਤੇ ਉਹਨਾਂ ਦੀਆਂ ਅੱਖਾਂ ਨੀਲੀਆਂ ਸਨ ਅਤੇ ਉਹਨਾਂ ਵਿਚ ਚਮਕ ਸੀ। ਏ.ਬੀ.ਸੀ. ਦੀ ਰਿਪੋਰਟ ਮੁਤਾਬਕ Lampreys ਜਲਵਾਯੂ ਤਬਦੀਲੀ ਅਤੇ ਲੂਣ ਦੀ ਮਾਤਰਾ ਵਧਣ ਕਾਰਨ ਅਲੋਪ ਹੋਣ ਦੀ ਕਗਾਰ 'ਤੇ ਹਨ। ਰਿਪੋਰਟ ਮੁਤਾਬਕ Lampreys ਆਪਣਾ ਸ਼ੁਰੂਆਤੀ ਸਮਾਂ ਤਾਜ਼ੇ ਪਾਣੀ ਵਿਚ ਬਿਤਾਉਂਦੇ ਹਨ ਅਤੇ ਫਿਰ ਸਮੁੰਦਰ ਜਾਂ ਨਦੀ ਵਿਚ ਚਲੇ ਜਾਂਦੇ ਹਨ ਅਤੇ ਫਿਰ ਮਰ ਜਾਂਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।