ਬਰਮਿੰਘਮ ਦੇ ਪੰਜਾਬੀ ਮੂਲ ਦੇ ਉੱਦਮੀ ਨੇ ਈਜ਼ੀਫੂਡ ਐਪ ਦੀ ਕੀਤੀ ਸ਼ੁਰੂਆਤ
Tuesday, Sep 08, 2020 - 06:35 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਮਿੰਘਮ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੇ ਈਜ਼ੀਜੈੱਟ ਨਾਲ ਮਿਲ ਕੇ ਇੱਕ ਨਵਾਂ ਟੇਕਵੇਅ ਐਪ ਲਾਂਚ ਕੀਤਾ ਹੈ ਜੋ ਡਿਲਿਵਰੀ ਅਤੇ ਉਬਰ ਈਟਸ ਨੂੰ ਟੱਕਰ ਦੇਵੇਗਾ। ਇਸ ਦੀ ਸ਼ੁਰੂਆਤ ਜੀਵਨ ਸੱਗੂ ਨਾਮ ਦੇ ਕਾਰੋਬਾਰੀ ਨੇ ਆਪਣੇ ਦੋਸਤ ਗੁਰਪ੍ਰੀਤ ਸਿੱਧੂ ਨਾਲ, 2005 ਵਿੱਚ ਯੂਨੀਵਰਸਿਟੀ ਛੱਡਣ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਅਤੇ ਹੁਣ ਕਾਫੀ ਮੁਸਕਿਲਾਂ ਤੋਂ ਬਾਅਦ ਇਹ ਜੋੜੀ ਈਜ਼ੀਜੈੱਟ ਦੇ ਸੰਸਥਾਪਕ ਸਰ ਸਟੀਲਿਓਸ ਹਾਂਜੀ-ਇਓਨਾਨੂ ਨਾਲ ਸਾਂਝੇਦਾਰੀ ਕਰਨ ਵਿੱਚ ਸਫਲ ਹੋ ਗਈ ਹੈ।
ਇਹਨਾਂ ਨੇ ਗੂਗਲ ਪਲੇ ਅਤੇ ਐਪ ਸਟੋਰ 'ਤੇ ਇਕ ਨਵਾਂ ਈਜ਼ੀਫੂਡ ਐਪ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਦੂਜੇ ਟੇਕਵੇਅ ਐਪਸ ਨਾਲੋਂ ਖਰਚੇ ਵਿੱਚ ਅਨੁਕੂਲ ਬਣਨਾ ਹੈ। ਇਸ ਸੰਬੰਧ ਵਿੱਚ ਜੀਵਨ ਸੱਗੂ ਨੇ ਕਿਹਾ ਕਿ “ਸਾਡੀ ਐਪ ਹੋਰ ਡਿਲਿਵਰੀ ਐਪਸ ਨਾਲੋਂ ਜਿਆਦਾ ਸਹੂਲਤਾਂ ਦੇਵੇਗੀ। ਜੇ ਤੁਸੀਂ ਕਿਸੇ ਪੱਬ ਜਾਂ ਰੈਸਟੋਰੈਂਟ ਵਿੱਚ ਖਾ ਰਹੇ ਹੋ ਤਾਂ ਤੁਸੀਂ ਮੀਨੂੰ ਵੇਖ ਸਕਦੇ ਹੋ ਅਤੇ ਆਪਣੇ ਖਾਣੇ ਨੂੰ ਆਰਡਰ ਕਰ ਸਕਦੇ ਹੋ, ਜੋ ਤੁਹਾਡੀ ਮੇਜ਼ 'ਤੇ ਪਹੁੰਚਾਇਆ ਜਾਵੇਗਾ ਅਤੇ ਫਿਰ ਤੁਸੀਂ ਐਪ ਤੇ ਭੁਗਤਾਨ ਕਰ ਸਕਦੇ ਹੋ।"
ਇਸ ਤੋਂ ਇਲਾਵਾ ਲੋਕ ਇਸ ਦੇ ਕਿਊਆਰ ਬਾਰਕੋਡ ਨੂੰ ਰਜਿਸਟਰਡ ਪੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਦੇ ਪ੍ਰਵੇਸ਼ ਦੁਆਰ 'ਤੇ ਸਕੈਨ ਕਰ ਸਕਣਗੇ, ਜਿਸ ਨਾਲ ਇਹ ਗ੍ਰਾਹਕਾਂ ਦੇ ਵੇਰਵੇ ਸੁਰੱਖਿਅਤ ਲੈਣ ਤੋਂ ਇਲਾਵਾ ਕੋਵਿਡ-19 ਪ੍ਰਭਾਵਿਤ ਸਥਾਨਾਂ ਬਾਰੇ ਵੀ ਜਾਗਰੂਕ ਕਰੇਗੀ। ਇਸ ਐਪ ਨੇ ਰੈਸਟੋਰੈਂਟ ਖਰਚਿਆਂ ਨੂੰ ਆਪਣੇ ਰੇਟ ਵਿੱਚ ਸ਼ਾਮਿਲ ਨਹੀਂ ਕੀਤਾ ਹੈ, ਜਿਸ ਕਰਕੇ ਇਹ ਹੋਰਾਂ ਮੁਕਾਬਲੇ ਸਸਤੀ ਹੋਵੇਗੀ। ਇਸ ਲਈ ਈਜ਼ੀਜੈੱਟ ਦੇ ਸੰਸਥਾਪਕ ਸਰ ਸਟੀਲਿਓਸ ਮੁਤਾਬਿਕ ਇਹ ਉਨ੍ਹਾਂ ਕਾਰੋਬਾਰਾਂ ਲਈ ਇੱਕ ਵਧੀਆ ਮੌਕਾ ਹੈ ਜੋ ਮੰਦੀ ਤੋਂ ਪ੍ਰਭਾਵਿਤ ਹੋ ਰਹੇ ਹਨ। ਉਹ ਈਜੀਫੂਡ ਵਿੱਚ ਸ਼ਾਮਲ ਹੋ ਕੇ ਲਾਭ ਪ੍ਰਾਪਤ ਕਰ ਸਕਦੇ ਹਨ।