ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੂੰ ਗ੍ਰੀਨ ਕਾਰਡ ਦੇਣ ਲਈ ਅਮਰੀਕੀ ਕਾਂਗਰਸ ਵਿਚ ਬਿੱਲ ਪੇਸ਼

Saturday, May 09, 2020 - 10:38 AM (IST)

ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੂੰ ਗ੍ਰੀਨ ਕਾਰਡ ਦੇਣ ਲਈ ਅਮਰੀਕੀ ਕਾਂਗਰਸ ਵਿਚ ਬਿੱਲ ਪੇਸ਼

ਵਾਸ਼ਿੰਗਟਨ- ਅਮਰੀਕੀ ਸੰਸਦ ਮੈਂਬਰਾਂ ਨੇ ਦੇਸ਼ ਵਿਚ ਸਿਹਤ ਦੇਖਭਾਲ ਖੇਤਰ ਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਹਜ਼ਾਰਾਂ ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੂੰ ਗ੍ਰੀਨ ਕਾਰਡ ਦੇਣ ਜਾਂ ਸਥਾਨਕ ਕਾਨੂੰਨੀ ਨਿਵਾਸ ਦਾ ਦਰਜਾ ਦੇਣ ਵਾਲਾ ਇਕ ਬਿੱਲ ਕਾਂਗਰਸ ਵਿਚ ਪੇਸ਼ ਕੀਤਾ ਹੈ। 'ਦਿ ਹੈਲਥਕੇਅਰ ਵਰਕ ਫੋਰਸ ਰੈਜ਼ਿਲਿਐਂਸ ਐਕਟ' ਨਾਲ ਉਨ੍ਹਾਂ ਗ੍ਰੀਨ ਕਾਰਡਾਂ ਨੂੰ ਜਾਰੀ ਕੀਤਾ ਜਾ ਸਕੇਗਾ, ਜਿਨ੍ਹਾਂ ਨੂੰ ਪਿਛਲੇ ਸਾਲਾਂ ਵਿਚ ਕਾਂਗਰਸਨ ਨੇ ਮਨਜ਼ੂਰੀ ਦਿੱਤੀ ਸੀ ਪਰ ਉਨ੍ਹਾਂ ਨੂੰ ਕਿਸੇ ਨੂੰ ਦਿੱਤਾ ਨਹੀਂ ਗਿਆ।


ਇਸ ਬਿੱਲ ਨਾਲ ਹਜ਼ਾਰਾਂ ਵਾਧੂ ਮੈਡੀਕਲ ਪੇਸ਼ੇਵਰ ਅਮਰੀਕਾ ਵਿਚ ਸਥਾਈ ਰੂਪ ਨਾਲ ਕੰਮ ਕਰ ਸਕਣਗੇ। ਇਕ ਪ੍ਰੈੱਸ ਰਲੀਜ਼ ਮੁਤਾਬਕ ਇਸ ਬਿੱਲ ਨਾਲ ਕੋਵਿਡ-19 ਵਿਸ਼ਵ ਮਹਾਮਾਰੀ ਦੌਰਾਨ 25,000 ਨਰਸਾਂ ਅਤੇ 15,000 ਡਾਕਟਰਾਂ ਨੂੰ ਗ੍ਰੀਨ ਕਾਰਡ ਜਾਰੀ ਕੀਤੇ ਜਾਣਗੇ ਅਤੇ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ ਮੈਡੀਕਲ ਪੇਸ਼ੇਵਰਾਂ ਦੀ ਕਮੀ ਨਾ ਹੋਵੇ।

 
ਇਸ ਕਦਮ ਨਾਲ ਵੱਡੀ ਗਿਣਤੀ ਵਿਚ ਉਨ੍ਹਾਂ ਭਾਰਤੀ ਨਰਸਾਂ ਅਤੇ ਡਾਕਟਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਕੋਲ ਜਾਂ ਤਾਂ ਐੱਚ-1 ਬੀ ਜਾਂ ਜੇ2 ਵੀਜ਼ਾ ਹਨ। ਪ੍ਰਤੀਨਿਧੀ ਸਭਾ ਵਿਚ ਇਸ ਬਿੱਲ ਨੂੰ ਸੰਸਦ ਮੈਂਬਰ ਐਬੀ ਫਿਨਕੇਨਾਰ, ਬ੍ਰੈਂਡ ਸ਼ਨੀਡਰ, ਟਾਮ ਕੋਲੇ ਅਤੇ ਡਾਨ ਬੈਕਨ ਨੇ ਪੇਸ਼ ਕੀਤਾ। ਸੈਨੇਟ ਵਿਚ ਡੇਵਿਡ ਪਰਡਿਊ, ਡਿਕ ਡਰਿਬਨ, ਟਾਡ ਯੰਗ ਅਤੇ ਕ੍ਰਿਸ ਕੂਨਜ਼ ਨੇ ਇਸ ਬਿੱਲ ਨੂੰ ਪੇਸ਼ ਕੀਤਾ। ਕਾਂਗਰਸ ਮੈਂਬਰ ਫਿਨਕੇਨਾਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਵਾਇਰਸ ਜਾਦੂਈ ਢੰਗ ਨਾਲ ਗਾਇਬ ਨਹੀਂ ਹੋ ਜਾਵੇਗਾ ਅਤੇ ਡਾ. ਐਂਥਨੀ ਫਾਸੀ ਵਰਗੇ ਮਾਹਿਰ ਵਾਇਰਸ ਦੇ ਦੂਜੇ ਦੌਰ ਦੀ ਚਿਤਾਵਨੀ ਦੇ ਰਹੇਹਨ। ਖਾਸ ਤੌਰ 'ਤੇ ਪੇਂਡੂ ਇਲਾਕਿਆਂ ਵਿਚ ਹਾਲਾਤ ਨਾਜ਼ੁਕ ਹਨ ਅਤੇ ਉੱਥੇ ਪਹਿਲਾਂ ਤੋਂ ਹੀ ਮੈਡੀਕਲ ਪੇਸ਼ੇਵਰਾਂ ਦੀ ਕਮੀ ਹੈ।"


author

Lalita Mam

Content Editor

Related News