ਬਿਲਾਵਲ ਭੁੱਟੋ ਨੇ ਪਾਕਿ ਸੈਨਾ ਨੂੰ ਦਿੱਤੀ ਚਿਤਾਵਨੀ, ਰਾਜਨੀਤੀ ''ਚ ਬੰਦ ਕਰਨ ਦਖਲ ਅੰਦਾਜ਼ੀ

Tuesday, Feb 09, 2021 - 05:56 PM (IST)

ਬਿਲਾਵਲ ਭੁੱਟੋ ਨੇ ਪਾਕਿ ਸੈਨਾ ਨੂੰ ਦਿੱਤੀ ਚਿਤਾਵਨੀ, ਰਾਜਨੀਤੀ ''ਚ ਬੰਦ ਕਰਨ ਦਖਲ ਅੰਦਾਜ਼ੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਸੈਨਾ ਦੇ ਬਲ 'ਤੇ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਕਰਨੀ ਚਾਹੁੰਦੇ ਹਨ। ਇਸ ਖਤਰੇ ਨੂੰ ਦੇਖਦੇ ਹੋਏ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਨੇ ਸੈਨਾ ਨੂੰ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਸੋਮਵਾਰ ਨੂੰ ਸੈਨਾ ਨੂੰ ਦਿਤਾਵਨੀ ਦਿੱਤੀ ਕਿ ਉਹ ਸੈਨੇਟ ਚੋਣਾਂ ਅਤੇ ਰਾਜਨੀਤੀ ਵਿਚ ਦਖਲ ਅੰਦਾਜ਼ੀ ਨਾ ਕਰਨ। ਉਹਨਾਂ ਨੇ ਕਿਹਾ ਕਿ ਜੇਕਰ ਸੈਨੇਟ ਚੋਣਾਂ ਵਿਵਾਦਿਤ ਹੋਈਆਂ ਤਾਂ ਇਸ ਦਾ ਅਸਰ ਪੂਰੇ ਦੇਸ਼ 'ਤੇ ਪਵੇਗਾ।

ਕਰਾਚੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਬਿਲਾਵਲ ਭੁੱਟੋ ਨੇ ਕਿਹਾ ਕਿ ਪੀ.ਪੀ.ਪੀ. ਚਾਹੁੰਦੀ ਹੈ ਕਿ ਸੈਨਾ ਨਾ ਸਿਰਫ ਸੈਨੇਟ ਚੋਣਾਂ ਵਿਚ ਦਖਲ ਅੰਦਾਜ਼ੀ ਨਾ ਕਰੇ ਸਗੋਂ ਉਸ ਦੀ ਕੋਈ ਰਾਜਨੀਤਕ ਭੂਮਿਕਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਜੇਕਰ ਸੈਨਾ ਕੋਈ ਰਾਜਨੀਤਕ ਆਫਿਸ ਹੈ ਤਾਂ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।ਬਿਲਾਵਲ ਨੇ ਇਹ ਵੀ ਕਿਹਾ ਕਿ ਇਮਰਾਨ ਸਰਕਾਰ ਹਾਲੇ ਸਿਰਫ ਇਸ ਲਈ ਬਣੀ ਰਹੇਗੀ ਕਿਉਂਕਿ ਉਸ ਨੂੰ ਸੈਨਾ ਦਾ ਸਮਰਥਨ ਹਾਸਲ ਹੈ।

ਬਿਲਾਵਲ ਨੇ ਕਿਹਾ ਕਿ ਇਮਰਾਨ ਦੀ ਪਾਰਟੀ ਨੂੰ ਨੈਸ਼ਨਲ ਅਸੈਂਬਲੀ ਵਿਚ ਅਸਲ ਬਹੁਮਤ ਹਾਸਲ ਨਹੀਂ ਹੈ। ਸੈਨਾ 'ਤੇ ਹਮਲਾ ਬੋਲਦਿਆਂ ਬਿਲਾਵਲ ਭੁੱਟੋ ਨੇ ਕਿਹਾ,''ਸਾਡੇ ਇਤਿਹਾਸ ਅਤੇ ਵਾਸਤਵਿਕਤਾ ਵਿਚ ਸੈਨਾ ਦੀ ਰਾਜਨੀਤੀ ਵਿਚ ਭੂਮਿਕਾ ਰਹੀ ਹੈ। ਸਫਲਤਾ ਮਿਲਣ ਤੱਕ ਸਾਨੂੰ ਇਸ ਖ਼ਿਲਾਫ਼ ਜੰਗ ਨੂੰ ਜਾਰੀ ਰੱਖਣਾ ਹੋਵੇਗਾ। ਉਹਨਾਂ ਨੇ ਆਸ ਜ਼ਾਹਰ ਕੀਤੀ ਕਿ ਸੈਨੇਟ ਚੋਣਾਂ ਨਿਰਪੱਖ ਢੰਗ ਨਾਲ ਹੋਣਗੀਆਂ। ਉਹਨਾਂ ਮੁਤਾਬਕ ਜੇਕਰ ਸੈਨਾ ਨੇ ਇਹਨਾਂ ਚੋਣਾਂ ਨੂੰ ਵਿਵਾਦਿਤ ਬਣਾਇਆ ਤਾਂ ਪੂਰੇ ਦੇਸ਼ ਲਈ ਇਹ ਵਿਵਾਦਿਤ ਮਾਮਲਾ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਆਸਟ੍ਰੇਲੀਆਈ ਪੱਤਰਕਾਰ ਚੇਂਗ ਲੇਈ ਦੀ ਗ੍ਰਿਫ਼ਤਾਰੀ 'ਤੇ ਭਾਈਚਾਰੇ 'ਚ ਚਿੰਤਾ

ਇੱਥੇ ਦੱਸ ਦਈਏ ਕਿ ਸੈਨਾ ਪ੍ਰਮੁੱਖ ਨੇ ਗਿਲਗਿਤ ਨੂੰ ਲੈਕੇ ਪਿਛਲੇ ਦਿਨੀਂ ਦੇਸ਼ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੈਨਾ ਦੇ ਹੈੱਡਕੁਆਰਟਰ ਰਾਵਲਪਿੰਡੀ ਵਿਚ ਦਾਅਵਤ ਵਿਚ ਬੁਲਾਇਆ ਸੀ। ਇਸ ਵਿਚ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ, ਆਸਿਫ ਅਲੀ ਜ਼ਰਦਾਰੀ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਸਮੇਤ ਪਾਕਿਸਤਾਨੀ ਰਾਜਨੀਤੀ ਦੇ ਕਈ ਦਿੱਗਜ਼ ਨੇਤਾ ਸ਼ਾਮਲ ਹੋਏ ਸਨ। ਇਸ ਦੌਰਾਨ ਆਈ.ਐੱਸ.ਆਈ. ਦੇ ਪ੍ਰਮੁੱਖ ਵੀ ਮੌਜੂਦ ਸਨ। ਇਸ ਦੌਰਾਨ ਬਾਜਵਾ ਨੇ ਗਿਲਗਿਤ ਨੂੰ ਸੂਬਾ ਬਣਾਏ ਜਾਣ ਦੇ ਮੁੱਦੇ 'ਤੇ ਚਰਚਾ ਕੀਤੀ ਪਰ ਉਸੇ ਦੌਰਾਨ ਉਹਨਾਂ ਦੀ ਬਿਲਾਵਲ ਅਤੇ ਸ਼ਹਿਬਾਜ਼ ਸ਼ਰੀਫ ਨਾਲ ਬਹਿਸ ਹੋ ਗਈ ਸੀ।

ਅਸਲ ਵਿਚ ਬਿਲਾਵਲ ਭੁੱਟੋ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਹਾਲਾਤ ਸਾਲ 1971 ਵਿਚ ਸਨ ਅਤੇ ਉਸ ਸਮੇਂ ਵੀ ਸੈਨਾ ਰਾਜਨੀਤਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰ ਰਹੀ ਸੀ। ਉਹਨਾਂ ਨੇ ਬਲੋਚਿਸਤਾਨ ਦਾ ਮੁੱਦਾ ਅਤੇ ਆਈ.ਐੱਸ.ਆਈ. ਦੀ ਰਾਜਨੀਤਕ ਦਖਲ ਅੰਦਾਜ਼ੀ ਅਤੇ ਇਮਰਾਨ ਖਾਨ ਨੂੰ ਸੈਨਾ ਵੱਲੋਂ ਖੁੱਲ੍ਹ ਕੇ ਸਮਰਥਨ ਦਾ ਉਦਾਹਰਨ ਦਿੱਤਾ। ਬਿਲਾਵਲ ਦੇ 1971 ਦੇ ਬੰਗਲਾਦੇਸ਼ ਯੁੱਧ ਦਾ ਜ਼ਿਕਰ ਕਰਦੇ ਹੀ ਪਾਕਿਸਤਾਨੀ ਸੈਨਾ ਪ੍ਰਮੁੱਖ ਭੜਕ ਪਏ। ਬਾਜਵਾ ਨੇ ਕਿਹਾ ਕਿ ਸੈਨਾ ਨਾਲ ਮਿਲਣ ਲਈ ਤੁਹਾਡੇ ਵਰਗੇ ਹੀ ਨੇਤਾ ਆਉਂਦੇ ਹਨ। ਅਸੀਂ ਤੁਹਾਡੇ ਕੋਲ ਨਹੀਂ ਜਾਂਦੇ। ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਆਪਸੀ ਝਗੜੇ ਹਨ ਸਾਡਾ ਉਸ ਵਿਚ ਕੋਈ ਲੈਣਾ-ਦੇਣਾ ਨਹੀਂ ਹੈ।


author

Vandana

Content Editor

Related News