ਬਾਈਡੇਨ ਨੇ ਵੋਟਾਂ ਦੀ ਦੁਬਾਰਾ ਗਿਣਤੀ ਦੇ ਬਾਵਜੂਦ ਵੀ ਜਿੱਤਿਆ ਵਿਸਕਾਨਸਿਨ ਦਾ ਚੋਣ ਮੈਦਾਨ

12/01/2020 8:44:16 AM

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਵਿਸਕਾਨਸਿਨ ਦੀ ਡੇਨ ਕਾਉਂਟੀ 'ਚ ਐਤਵਾਰ ਨੂੰ ਵੋਟਾਂ ਦੀ ਗਿਣਤੀ ਪੂਰੀ ਹੋਣ 'ਤੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਅਹਿਮ ਲੜਾਈ ਵਿਚ ਟਰੰਪ ਨੂੰ ਹਰਾ ਕੇ ਫਿਰ ਬਾਈਡੇਨ ਨੇ ਜਿੱਤ ਲਈ ਹੈ। 

ਡੇਨ ਕਾਉਂਟੀ ਦੀ ਮੁੜ ਗਿਣਤੀ ਵਿਚ ਰਾਸ਼ਟਰਪਤੀ ਟਰੰਪ ਨੂੰ ਸ਼ੁਰੂਆਤੀ ਗਿਣਤੀ ਨਾਲੋਂ 45 ਹੋਰ ਵੋਟਾਂ ਮਿਲੀਆਂ ਜਦਕਿ ਮਿਲਵਾਕੀ ਕਾਉਂਟੀ, ਜਿਸ ਨੇ ਸ਼ੁੱਕਰਵਾਰ ਨੂੰ ਆਪਣੀ ਗਿਣਤੀ ਪੂਰੀ ਕੀਤੀ ਸੀ, ਨੇ ਬਾਈਡੇਨ ਨੂੰ 132 ਹੋਰ ਵੋਟਾਂ ਦਿੱਤੀਆਂ ਸਨ, ਜਿਸ ਨਾਲ  ਬਾਈਡੇਨ ਨੇ 87 ਵੋਟਾਂ ਨਾਲ ਬੜ੍ਹਤ ਬਣਾਈ ਹੈ। ਟਰੰਪ ਦੀ ਮੁਹਿੰਮ ਵਿਚ ਡੇਨ ਕਾਉਂਟੀ 'ਚ ਵਿਅਕਤੀਗਤ ਤੌਰ 'ਤੇ ਜਮ੍ਹਾ ਹੋਏ ਸਾਰੇ ਗੈਰ-ਹਾਜ਼ਰ ਬੈਲਟ ਬਾਹਰ ਸੁੱਟਣ ਦੀ ਮੰਗ ਕੀਤੀ ਗਈ ਸੀ, ਜਿਸ ਵਿਚ ਤਕਰੀਬਨ 69,000 ਵੋਟਾਂ ਪਈਆਂ ਸਨ ਅਤੇ ਇਸ ਪਟੀਸ਼ਨ ਨੂੰ ਮੁੜ ਗਿਣਤੀ ਦੇ ਪਹਿਲੇ ਦਿਨ 20 ਨਵੰਬਰ ਨੂੰ  ਵਿਸਕਾਨਸਿਨ ਬੋਰਡ ਆਫ ਕੈਨਵੇਸਰਜ਼ ਨੇ ਖਾਰਜ ਕਰ ਦਿੱਤਾ ਸੀ।

ਇਸ ਸੂਬੇ ਦੀ ਮੁੜ ਗਿਣਤੀ ਸੰਬੰਧੀ ਬਾਈਡੇਨ ਮੁਹਿੰਮ ਦੇ ਵਿਸਕਾਨਸਿਨ ਸਟੇਟ ਦੇ ਡਾਇਰੈਕਟਰ, ਡੈਨੀਅਲ ਮੈਲਫੀ ਨੇ ਇਕ ਬਿਆਨ ਵਿਚ ਕਿਹਾ ਕਿ ਦੁਬਾਰਾ ਗਿਣਤੀ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਜਿੱਤ ਪ੍ਰਾਪਤ ਕਰਵਾਈ ਹੈ।ਵਿਸਕਾਨਸਿਨ ਤੋਂ ਇਲਾਵਾ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ ਅਤੇ ਨੇਵਾਡਾ ਵਿਚ ਵੀ ਟਰੰਪ ਦੀ ਮੁਹਿੰਮ ਦੁਆਰਾ ਚੋਣਾਂ ਸੰਬੰਧੀ ਕਾਨੂੰਨੀ ਚੁਣੌਤੀਆਂ ਅਸਫਲ ਹੋ ਗਈਆਂ ਹਨ।


Lalita Mam

Content Editor

Related News