ਬਾਇਡੇਨ ਦਾ ਵਾਅਦਾ : ਜਿੱਤਣ 'ਤੇ 30 ਦਿਨਾਂ 'ਚ ਦੇਵਾਂਗਾ 1 ਕਰੋੜ ਲੋਕਾਂ ਨੂੰ ਨਾਗਰਿਕਤਾ
Thursday, Oct 15, 2020 - 08:15 PM (IST)
ਵਾਸ਼ਿੰਗਟਨ - ਡੈਮੋਕ੍ਰੇਟ ਜੋਅ ਬਾਇਡੇਨ ਹੌਲੀ-ਹੌਲੀ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਵਿਚ ਕਾਫੀ ਅੱਗੇ ਨਿਕਲਦੇ ਜਾ ਰਹੇ ਹਨ। ਉਥੇ ਹੀ ਹੁਣ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਕੇ ਵ੍ਹਾਈਟ ਹਾਊਸ ਪਹੁੰਚਦੇ ਹਨ ਤਾਂ ਫਿਰ 11 ਮਿਲੀਅਨ (1 ਕਰੋੜ ਤੋਂ ਜ਼ਿਆਦਾ) ਗੈਰ-ਕਾਨੂੰਨੀ ਅਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਜਾਵੇਗੀ। ਬਾਇਡੇਨ ਨੇ ਆਪਣੀਆਂ ਤਰਜ਼ੀਹਾਂ ਵਿਚ ਸਭ ਤੋਂ ਉਪਰ ਕੋਰੋਨਾਵਾਇਰਸ ਖਿਲਾਫ ਲੜਾਈ ਨੂੰ ਮਜ਼ਬੂਤ ਕਰਨਾ ਦੱਸਿਆ ਹੈ। ਇਸ ਤੋਂ ਇਲਾਵਾ ਅਮਰੀਕੀ ਅਰਥ ਵਿਵਸਥਾ ਦਾ ਫਿਰ ਤੋਂ ਨਿਰਮਾਣ ਕਰਨਾ ਅਤੇ ਦੁਨੀਆ ਭਰ ਵਿਚ ਅਮਰੀਕੀ ਅਗਵਾਈ ਨੂੰ ਬਹਾਲ ਕਰਨਾ ਵੀ ਉਨ੍ਹਾਂ ਦੀਆਂ ਤਰਜ਼ੀਹਾਂ ਦਾ ਹਿੱਸਾ ਹੋਵੇਗਾ।
4 ਸਾਲਾਂ ਵਿਚ ਅਮਰੀਕਾ ਨੂੰ ਬਦਲ ਦੇਣਗੇ ਬਾਇਡੇਨ
ਬੁੱਧਵਾਰ ਨੂੰ ਇਕ ਵਰਚੁਅਲ ਫੰਡ ਰੇਜ਼ਰ ਇਵੈਂਟ ਵਿਚ ਬਾਇਡੇਨ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਆਖਿਆ ਕਿ ਸਰਹੱਦ 'ਤੇ ਜੋ ਕੁਝ ਵੀ ਹੋ ਰਿਹਾ ਹੈ , ਉਸ ਨੂੰ ਸੰਭਾਲਣ ਦੀ ਜ਼ਰੂਰਤ ਹੈ। ਬਾਇਡੇਨ ਨੇ ਆਖਿਆ ਕਿ ਅਸੀਂ ਅਪ੍ਰਵਾਸੀ ਸੰਕਟ ਨਾਲ ਨਜਿੱਠਾਂਗੇ ਜਿਸ ਦਾ ਸਾਹਮਣਾ ਅਸੀਂ ਹੁਣ ਕਰ ਰਹੇ ਹਾਂ। ਮੈਂ ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਇਕ ਇਮੀਗ੍ਰੇਸ਼ਨ ਬਿੱਲ ਭੇਜਾਂਗਾ ਜਿਸ ਤੋਂ ਬਾਅਦ 11 ਮਿਲੀਅਨ ਲੋਕਾਂ ਨੂੰ ਨਾਗਰਿਕਤਾ ਮਿਲ ਸਕੇਗੀ।
ਕੈਂਪੇਨ ਮੁਤਾਬਕ ਫੰਡ ਇਕੱਠਾ ਕਰਨ ਨਾਲ ਜੁੜੇ ਪ੍ਰੋਗਰਾਮ ਵਿਚ 37 ਲੋਕ ਸ਼ਾਮਲ ਹੋਏ ਸਨ ਅਤ ਇਸ ਨੂੰ ਜੇਨ ਹਾਰਟਲੀ ਨੇ ਹੋਸਟ ਕੀਤਾ ਸੀ। ਪ੍ਰੋਗਰਾਮ ਵਿਚ ਭਾਰਤੀ ਅਮਰੀਕੀ ਦੇਵ ਪਾਰਿਖ ਵੀ ਸ਼ਾਮਲ ਸਨ। ਬਾਇਡੇਨ ਤੋਂ ਜਦ ਪੁੱਛਿਆ ਗਿਆ ਕਿ ਦਫਤਰ ਵਿਚ ਪਹਿਲੇ 30 ਦਿਨ ਉਹ ਘਰੇਲੂ ਅਤੇ ਵਿਦੇਸ਼ੀ ਨੀਤੀ ਦੇ ਪੱਧਰ 'ਤੇ ਕੀ ਕਰਨ ਵਾਲੇ ਹਨ। ਇਸ 'ਤੇ ਬਾਇਡੇਨ ਨੇ ਜਵਾਬ ਦਿੱਤਾ ਕਿ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਹੁਣ ਅਤੇ 21 ਜਨਵਰੀ ਵਿਚਾਲੇ ਗਲਤ ਹੋ ਸਕਦੀਆਂ ਹਨ। ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ ਪਰ ਅਗਲੇ 4 ਸਾਲਾਂ ਵਿਚ ਇਹ ਦੇਸ਼ ਅਜਿਹਾ ਨਹੀਂ ਹੋਵੇਗਾ ਜਿਵੇਂ ਕਿ ਅੱਜ ਹੈ। ਡੈਮੋਕ੍ਰੇਟ ਜੋਅ ਬਾਇਡੇਨ ਹੌਲੀ-ਹੌਲੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਹਨ ਅਤੇ ਫੰਡ ਕੁਲੈਕਸ਼ਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ।