ਬਾਈਡੇਨ ਨੇ ਭਾਰਤੀ-ਅਮਰੀਕੀ ਰਵੀ ਚੌਧਰੀ ਨੂੰ ਪੈਂਟਾਗਨ ''ਚ ਅਹਿਮ ਅਹੁਦੇ ਲਈ ਕੀਤਾ ਨਾਮਜ਼ਦ
Friday, Oct 15, 2021 - 10:03 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਵਿਖੇ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਅਹਿਮ ਅਹੁਦੇ 'ਤੇ ਨਾਮਜ਼ਦ ਕਰਨ ਦਾ ਐਲਾਨ ਕੀਤਾ। ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਚੌਧਰੀ ਨੂੰ ਹਵਾਈ ਸੈਨਾ ਦੀ 'ਸਥਾਪਨਾ, ਊਰਜਾ ਅਤੇ ਵਾਤਾਵਰਣ' ਲਈ ਸਹਾਇਕ ਸਕੱਤਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਪੈਂਟਾਗਨ ਵਿਖੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕੀ ਸੈਨੇਟ ਤੋਂ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਚੌਧਰੀ ਇਸ ਤੋਂ ਪਹਿਲਾਂ ਅਮਰੀਕੀ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵਿਚ ਇਕ ਸੀਨੀਅਰ ਕਾਰਜਕਾਰੀ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ
ਵ੍ਹਾਈਟ ਹਾਊਸ ਵੱਲੋਂ ਜਾਰੀ ਨੌਕਰੀ ਦੀ ਜਾਣ-ਪਛਾਣ ਅਨੁਸਾਰ ਉਹ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ (ਐੱਫ.ਏ.ਏ.) ਵਿਖੇ ਐਡਵਾਂਸਡ ਪ੍ਰੋਗਰਾਮ ਐਂਡ ਇਨੋਵੇਸ਼ਨ, ਆਫਿਸ ਆਫ ਕਮਰਸ਼ੀਅਲ ਸਪੇਸ ਦੇ ਡਾਇਰੈਕਟਰ ਸਨ। ਇਸ ਭੂਮਿਕਾ ਵਿਚ ਚੌਧਰੀ ਐੱਫ.ਏ.ਏ. ਦੇ ਵਪਾਰਕ ਪੁਲਾੜ ਆਵਾਜਾਈ ਮਿਸ਼ਨ ਦੇ ਸਮਰਥਨ ਵਿਚ ਉੱਨਤ ਵਿਕਾਸ ਅਤੇ ਖੋਜ ਪ੍ਰੋਗਰਾਮਾਂ ਨੂੰ ਚਲਾਉਣ ਦੀ ਜ਼ਿੰਮੇਦਾਰੀ ਸੰਭਾਲਦੇ ਸਨ। ਟਰਾਂਸਪੋਰਟ ਵਿਭਾਗ ਵਿਚ ਰਹਿੰਦਿਆਂ ਉਨ੍ਹਾਂ ਨੇ ਖ਼ੇਤਰ ਅਤੇ ਕੇਂਦਰ ਸੰਚਾਲਨ ਵਿਚ ਕਾਰਜਕਾਰੀ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾਈ, ਜਿੱਥੇ ਉਹ ਦੇਸ਼ ਭਰ ਵਿਚ ਸਥਿਤ 9 ਖੇਤਰਾਂ ਵਿਚ ਹਵਾਬਾਜ਼ੀ ਸੰਚਾਲਨ ਵਿਚ ਮਦਦ ਦੇਣ ਅਤੇ ਉਸ ਦੇ ਏਕੀਕਰਨ ਲਈ ਜ਼ਿੰਮੇਦਾਰ ਸਨ। ਵ੍ਹਾਈਟ ਹਾਊਸ ਨੇ ਦੱਸਿਆ ਕਿ ਉਹ 1993 ਤੋਂ 2015 ਤੱਕ ਅਮਰੀਕਾ ਏਅਰ ਫੋਰਸ ਵਿਚ ਸਰਗਰਮ ਡਿਊਟੀ 'ਤੇ ਰਹੇ। ਉਨ੍ਹਾਂ ਨੇ ਏਅਰ ਫੋਰਸ ਵਿਚ ਵੱਖ-ਵੱਖ ਪ੍ਰਕਾਰ ਦੇ ਸੰਚਾਲਨ, ਇੰਜੀਨੀਅਰਿੰਗ ਅਤੇ ਸੀਨੀਅਰ ਕਰਮਚਾਰੀ ਦੇ ਤੌਰ 'ਤੇ ਸੇਵਾਵਾਂ ਨਿਭਾਈਆਂ।
ਇਹ ਵੀ ਪੜ੍ਹੋ : ਜਾਪਾਨ ਦੀ ਅਦਾਲਤ ’ਚ ਪੰਜ ਫਰਿਆਦੀਆਂ ਨੇ ਤਾਨਾਸ਼ਾਹ ਕਿਮ ਜੋਂਗ ਉਤੇ ਠੋਕਿਆ 9,00,000 ਡਾਲਰ ਦਾ ਦਾਅਵਾ
ਬਤੌਰ ਫਲਾਈਟ ਟੈਸਟ ਇੰਜੀਨੀਅਰ ਉਹ ਉਡਾਣ ਸੁਰੱਖਿਆ ਅਤੇ ਦੁਰਘਟਨਾ ਦੀ ਰੋਕਥਾਮ ਦਾ ਸਮਰਥਨ ਕਰਨ ਵਾਲੇ ਹਵਾਈ ਸੈਨਾ ਦੇ ਆਧੁਨਿਕੀਕਰਨ ਪ੍ਰੋਗਰਾਮਾਂ ਲਈ ਫੌਜੀ ਹਵਾਬਾਜ਼ੀ ਅਤੇ ਹਾਰਡਵੇਅਰ ਦੇ ਉਡਾਣ ਪ੍ਰਮਾਣੀਕਰਣ ਲਈ ਜ਼ਿੰਮੇਦਾਰ ਸਨ। ਵ੍ਹਾਈਟ ਹਾਊਸ ਦੀ ਰਿਪੋਰਟ ਅਨੁਸਾਰ ਆਪਣੇ ਕਰੀਅਰ ਦੇ ਸ਼ੁਰੂਆਤੀ ਸਮੇਂ ਵਿਚ ਉਨ੍ਹਾਂ ਨੇ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀ.ਪੀ.ਐੱਸ.) ਲਈ ਪੁਲਾੜ ਲਾਂਚ ਓਪਰੇਸ਼ਨ ਵਿਚ ਸਹਿਯੋਗ ਕੀਤਾ ਅਤੇ ਪਹਿਲੇ ਜੀਪੀਐਸ ਤਾਰਾਮੰਡਲ ਦੀ ਪੂਰੀ ਕਾਰਜਸ਼ੀਲ ਸਮਰੱਥਾ ਨੂੰ ਯਕੀਨੀ ਕਰਨ ਲਈ ਇਸ ਦੇ ਤੀਜੇ ਪੜਾਅ ਅਤੇ ਉਡਾਣ ਸੁਰੱਖਿਆ ਗਤੀਵਿਧੀਆਂ ਦੀ ਅਗਵਾਈ ਕੀਤੀ। ਉਨ੍ਹਾਂ ਨੇ ਨਾਸਾ ਦੇ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਸਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਸਿਸਟਮ ਇੰਜੀਨੀਅਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਏਸ਼ੀਅਨ ਅਮਰੀਕੀਆਂ ਅਤੇ ਪ੍ਰਸ਼ਾਂਤ ਟਾਪੂ ਸਮੂਹ 'ਤੇ ਸਲਾਹਕਾਰ ਕਮਿਸ਼ਨ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।