ਆਸਟ੍ਰੇਲੀਆਈ ਸੰਸਦ ’ਚ MP ਨੇ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ
Tuesday, Nov 08, 2022 - 03:44 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼ਾਂ-ਵਿਦੇਸ਼ਾਂ ਵਿਚ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ 553ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੱਤੀ ਗਈ ।ਮੈਲਬੌਰਨ ਦੇ ਮੈਕਈਵਨ ਇਲਾਕੇ ਤੋਂ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਰੌਬ ਮਿੱਚਲ ਨੇ ਪਾਰਲੀਮੈਂਟ ਵਿੱਚ ਆਪਣੇ ਭਾਸ਼ਣ ਦੀ ਸ਼ੁਰੂਆਤ 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ' ਨਾਲ ਕੀਤੀ।
ਰੌਬ ਮਿੱਚਲ ਨੇ ਕਿਹਾ ਕਿ ਅੱਜ ਮੈਂ ਸਿੱਖ ਧਰਮ ਦੇ ਮਹਾਨ ਧਰਮ ਗੁਰੂ ਨਾਨਕ ਦੇਵ ਜੀ ਦਾ ਆਦਰ ਕਰਨ ਅਤੇ ਜਸ਼ਨ ਮਨਾ ਕੇ ਖੁਸ਼ ਹਾਂ। ਸੰਸਦ ਮੈਂਬਰ ਨੇ ਆਪਣੇ ਭਾਸ਼ਣ ਵਿੱਚ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਰੀਤੀ ਰਿਵਾਜ਼ਾਂ ਅਤੇ ਪੁਜਾਰੀਵਾਦ ਦਾ ਖੰਡਨ ਕੀਤਾ। ਉਨ੍ਹਾਂ ਨੇ ਅਧਿਆਤਮਕ ਤੌਰ 'ਤੇ ਮਜ਼ਬੂਤ ਹੋਣ ਦੀ ਸਿੱਖਿਆ ਦਿੱਤੀ ਅਤੇ ਸਿੱਖ ਧਰਮ ਦੇ ਕੇਂਦਰੀ ਸਿਧਾਂਤਾਂ ਦਾ ਵਿਸਥਾਰ ਕੀਤਾ। ਗੁਰੂ ਨਾਨਕ ਜੀ ਨੇ ਪੂਰੀ ਲੋਕਾਈ ਨੂੰ ਇਮਾਨਦਾਰੀ ਨਾਲ ਜਿਉਣ ਅਤੇ ਪ੍ਰਮਾਤਮਾ ਦਾ ਨਾਮ ਜਪਣ ਦਾ ਸੰਦੇਸ਼ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਜਲੰਧਰ ਦੀ ਧੀ ਨੇ ਵਧਾਇਆ ਮਾਣ, ਅਲਬਰਟਾ 'ਚ ਬਣੀ ਇਮੀਗ੍ਰੇਸ਼ਨ ਮੰਤਰੀ
ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਦੀ ਵਡਿਆਈ ਕਰਦਿਆਂ ਐਮ.ਪੀ. ਨੇ ਕਿਹਾ ਕਿ ਇਹ ਗੁਰੂ ਨਾਨਕ ਦੇ ਉਹ ਸਿੱਖ ਹਨ ਜੋ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤ ਵੇਲੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਲੰਗਰ ਲੈ ਕੇ ਪਹੁੰਚਦੇ ਹਨ ਅਤੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਵੀ ਕਰਦੇ ਹਨ।ਉਨ੍ਹਾਂ ਕਿਹਾ ਕਿ 2011 ਤੋਂ ਬਾਅਦ ਸਿੱਖ ਧਰਮ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਵਧਣ ਤੇ ਪ੍ਰਫੁੱਲਿਤ ਹੋਣ ਵਾਲਾ ਧਰਮ ਹੈ ਤੇ ਆਸਟ੍ਰੇਲੀਆ ਦੀ ਤਰੱਕੀ ਦੇ ਰਾਹ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ।ਪਾਰਲੀਮੈਂਟ ਤੋਂ ਇਲਾਵਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼,ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰਿਊ ਸਮੇਤ ਕਈ ਆਸਟ੍ਰੇਲੀਆਈ ਨੇਤਾਵਾਂ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦੇ ਸੰਦੇਸ਼ ਦਿੱਤੇ ਹਨ। ਗੁਰੂ ਸਾਹਿਬ ਦੇ ਪਾਵਨ ਦਿਹਾਡ਼ੇ ਨੂੰ ਮੁੱਖ ਰੱਖਦਿਆਂ ਆਸਟ੍ਰੇਲੀਆ ਦੇ ਗੁਰੂ ਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।