ਕੋਰੋਨਾ ਵੈਕਸੀਨ ''ਚ ਵਿਸ਼ਵਾਸ ਰੱਖਣ ਲੋਕ : ਜੋਅ ਬਾਈਡੇਨ
Saturday, Dec 12, 2020 - 01:40 PM (IST)
ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲੀ ਸ਼੍ਰੇਣੀ ਦੇ ਵਿਗਿਆਨੀਆਂ ਵਲੋਂ ਵਿਕਸਿਤ ਕੀਤੇ ਗਏ ਕੋਰੋਨਾ ਟੀਕੇ ਵਿਚ ਵਿਸ਼ਵਾਸ ਰੱਖਣ। ਇਸ ਦਾ ਮੁਲਾਂਕਣ ਕਰਨ ਵਿਚ ਰਾਜਨੀਤਕ ਪ੍ਰਭਾਵ ਦੀ ਵਰਤੋਂ ਨਹੀਂ ਕੀਤੀ ਗਈ।
ਐੱਫ. ਡੀ. ਏ. 'ਤੇ ਕੋਰੋਨਾ ਟੀਕੇ ਬਾਰੇ ਫੈਸਲਾ ਲੈਣ ਲਈ ਪਾਏ ਗਏ ਦਬਾਅ ਦੀਆਂ ਖ਼ਬਰਾਂ ਵਿਚਕਾਰ ਬਾਈਡੇਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਟਰੰਪ ਨੇ ਕਿਹਾ ਸੀ ਕਿ ਐੱਫ. ਡੀ. ਏ. ਇਕ ਪੁਰਾਣਾ ਤੇ ਸੁਸਤ ਕੱਛੂਕੰਮਾ ਹੈ। ਇਸ ਲਈ ਉਹ ਖੇਡ ਖੇਡਣਾ ਬੰਦ ਕਰਕੇ ਟੀਕੇ ਦੀ ਵਰਤੋਂ ਲਈ ਜਲਦੀ ਹੀ ਮਨਜ਼ੂਰੀ ਦੇਵੇ।
ਅਮਰੀਕਾ ਵਿਚ ਸ਼ੁੱਕਰਵਾਰ ਨੂੰ ਦੇਸ਼ ਦੇ ਪਹਿਲੇ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਇਸ ਮਹਾਮਾਰੀ ਦੇ ਅੰਤ ਦੀ ਸ਼ੁਰੂਆਤ ਹੋ ਬਣ ਸਕਦਾ ਹੈ, ਜਿਸ ਨੇ ਹੁਣ ਤੱਕ 3 ਲੱਖ ਅਮਰੀਕੀਆਂ ਦੀ ਜਾਨ ਲੈ ਲਈ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਖੁਰਾਕ ਤੇ ਦਵਾਈ ਵਿਭਾਗ (ਐੱਫ. ਡੀ. ਏ.) ਨੇ ਫਾਈਜ਼ਰ ਅਤੇ ਉਸ ਦੇ ਜਰਮਨੀ ਸਾਂਝੀਦਾਰ ਬਾਇਓਨਟੈਕ ਵਲੋਂ ਵਿਕਸਿਤ ਟੀਕੇ ਦੀ ਐਮਰਜੈਂਸੀ ਸਥਿਤੀ ਵਿਚ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਹੁਣ ਅਗਲੇ ਦਿਨਾਂ ਵਿਚ ਸਿਹਤ ਕਾਮਿਆਂ ਅਤੇ ਨਰਸਿੰਗ ਹੋਮ ਦੇ ਕਾਮਿਆਂ ਦੇ ਟੀਕਾਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਅਮਰੀਕਾ, ਬ੍ਰਿਟੇਨ ਸਣੇ ਕਈ ਹੋਰ ਦੇਸ਼ ਸਰਦੀਆਂ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਚਾਹੁੰਦੇ ਹਨ ਅਜਿਹੇ ਵਿਚ ਟੀਕੇ ਦੀਆਂ ਪਹਿਲੀਆਂ ਖੁਰਾਕਾਂ ਦੀ ਕਮੀ ਹੋਵੇਗੀ, ਇਸ ਲਈ ਇਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ।