ਬੈਲਜ਼ੀਅਮ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ''ਚ ਹੋਏ ਸ਼ਤਾਬਦੀ ਸਮਾਗਮ
Friday, Nov 16, 2018 - 10:31 AM (IST)

ਰੋਮ/ਇਟਲੀ (ਕੈਂਥ)— ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿਚ ਸ਼ਤਾਬਦੀ ਸਮਾਗਮ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਕਰਵਾਏ ਗਏ। 1914 ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸ਼ਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਗਮ ਬਹੁਤ ਮਹੱਤਵਪੂਰਨ ਸੀ ਜਿਸ ਵਿਚ 20000 ਲੋਕਾਂ ਨੇ ਹਾਜ਼ਰੀ ਭਰੀ।ਇਹਨਾਂ ਸ਼ਤਾਬਦੀ ਸਮਾਗਮਾਂ ਵਿਚ ਦੁਨੀਆ ਭਰ ਦੀਆਂ ਅਹਿਮ ਹਸਤੀਆਂ ਨੇ ਹਿੱਸਾ ਲਿਆ ਤੇ ਇਸ ਵਾਰ ਜਿੱਥੇ ਬੈਲਜ਼ੀਅਮ ਦੇ ਰਾਜਾ ਫਿਲਿਪ ਅਤੇ ਰਾਣੀ ਮਾਥਿਲਦੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਉੱਥੇ ਸਿੱਖ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ।
ਕਾਥੇਦਰਾਲ ਚਰਚ ਤੋਂ ਸੁਰੂ ਹੋਈ ਪੌਪੀ ਪਰੇਡ ਵਿਚ ਵੱਖ-ਵੱਖ ਦੇਸ਼ਾਂ ਦੀਆਂ ਸੈਨਾ ਦੀਆਂ ਟੁਕੜੀਆਂ ਨੇ ਮੀਨਨ ਗੇਟ ਤੱਕ ਮਾਰਚ ਕੀਤਾ ਤੇ ਸਿੱਖ ਭਾਈਚਾਰੇ ਵੱਲੋਂ ਪੰਜ ਪਿਆਰਿਆਂ ਸਾਹਿਬਾਨ ਦੀ ਅਗਵਾਈ ਵਿਚ ਢੋਲ ਨਗਾਰਾ ਵਜਾਉਦਿਆਂ ਵੱਡੀ ਗਿਣਤੀ ਵਿਚ ਹਾਜਰੀ ਭਰੀ। ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਸੇਵਾਦਾਰਾਂ ਅਤੇ ਕਾਕਾ ਮਨਜੋਤ ਸਿੰਘ ਨੇ ਅਨੁਸਾਸ਼ਨ ਬਣਾਈ ਰੱਖਣ ਲਈ ਬਣਦੀ ਸੇਵਾ ਨਿਭਾਈ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪਹੁੰਚੇ ਅਤੇ ਅਖ਼ਬਾਰ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਉੱਘੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਹੋਰਾਂ ਨੂੰ ਵੀ ਈਪਰ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ।
ਇੰਗਲੈਂਡ ਤੋਂ ਸਿੱਖ ਫੈਡਰੇਸ਼ਨ ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ ਹੋਰਾਂ ਦੀ ਅਗਵਾਹੀ ਹੇਠ ਸੈਂਕੜੇ ਸਿੰਘਾਂ ਦਾ ਕਾਫਿਲਾ ਪਹੁੰਚਿਆ ਜਿਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਗਲੈਂਡ ਦੇ ਬੁਲਾਰੇ ਭਾਈ ਕੁਲਵੰਤ ਸਿੰਘ ਮੁਠੱਡਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੁੱਖ ਸਮਾਗਮ ਸਮੇਂ ਜਿੱਥੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ, ਬੈਲਜ਼ੀਅਮ ਪ੍ਰਧਾਨ ਮੰਤਰੀ ਚਾਰਲਸ ਮਿਸ਼ਿਲ, ਵੈਸਟ ਫਲਾਂਨਦਰਨ ਦੇ ਗਵਰਨਰ, ਈਪਰ ਦੇ ਮੇਅਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਸਿੱਖ ਭਾਈਚਾਰੇ ਵੱਲੋਂ ਜੱਥੇਦਾਰ ਰਣਜੀਤ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਤੇ ਵੱਡੀ ਗਿਣਤੀ ਵਿਚ ਸਿੱਖਾਂ ਦੀ ਹਾਜਰੀ ਜ਼ਿਕਰਯੋਗ ਸੀ।
ਫਰਾਂਸ ਤੋਂ ਭਾਈ ਗੁਰਮੇਲ ਸਿੰਘ ਅਤੇ ਸਤਨਾਮ ਸਿੰਘ ਹੋਰਾਂ ਦੀ ਅਗਵਾਈ ਹੇਠ ਬੈਲਜ਼ੀਅਮ ਪਹੁੰਚੀ ਮੀਰੀ ਪੀਰੀ ਗੱਤਕਾ ਅਖਾੜਾ ਦੀ ਟੀਮ ਨੇ ਇਸ ਮੁੱਖ ਸਮਾਗਮ ਦੀ ਸਮਾਪਤੀ ਬਾਅਦ ਆਪਣੀ ਕਲਾ ਦੇ ਜੌਹਰ ਈਪਰ ਸ਼ਹਿਰ ਦੇ ਮੁੱਖ ਚੌਂਕ ਵਿਖੇ ਦਿਖਾਏ। ਜਿੱਥੇ ਦੁਨੀਆ ਭਰ ਤੋਂ ਆਏ ਸੈਲਾਨੀਆਂ ਨੇ ਗੱਤਕੇ ਦਾ ਅਨੰਦ ਮਾਣਿਆ। ਇਸ ਵਿਸ਼ਾਲ ਸਮਾਗਮ ਲਈ 106 ਮਨਜ਼ੂਰਸ਼ੁਦਾ ਪੱਤਰਕਾਰਾਂ ਸਮੇਤ ਸੈਂਕੜੇ ਹੋਰ ਮੀਡੀਆ ਕਰਮੀਆਂ ਨੇ ਦੁਨੀਆ ਭਰ ਲਈ ਕਵਰੇਜ਼ ਕੀਤੀ। ਬੈਲਜ਼ੀਅਮ ਦੇ ਵੀ.ਆਰ.ਟੀ. ਚੈਨਲ ਨੇ ਚੌਂਕ ਵਿਚ ਸਟੂਡੀਓ ਸਥਾਪਤ ਕਰ ਦੋ ਦਿਨ ਈਪਰ ਤੋਂ ਲਗਾਤਾਰ ਲਾਈਵ ਪ੍ਰਸਾਰਨ ਕੀਤਾ।ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ ਦੇ ਚਰਚੇ ਯੂਰਪੀਨ ਚੈਨਲਾਂ ਵਿਚ ਚਰਚਾ ਦਾ ਵਿਸ਼ਾ ਰਹੇ ਤੇ ਸਿੱਖਾਂ ਵੱਲੋਂ ਸਿਰਫ ਭਾਰਤੀ ਹੀ ਨਾ ਹੋ ਕੇ ਇਕ ਵੱਖਰੀ ਕੌਮ ਵਜੋਂ ਸ਼ਿਰਕਤ ਕਰਨਾ ਇਕ ਵੱਡੀ ਪ੍ਰਾਪਤੀ ਹੈ ਜਿਸ ਦਾ ਜਿਕਰ ਉੱਘੇ ਸਿੱਖ ਚਿੰਤਕ ਅਤੇ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਵੱਖ-ਵੱਖ ਚੈਨਲਾਂ ਤੇ ਕੀਤੀ ਇੰਟਰਵਿਉ ਅਤੇ ਆਪਣੇ ਸੰਬੋਧਨਾਂ ਸਮੇਂ ਬਾਖੂਬੀ ਵਰਨਣ ਕੀਤਾ।
ਹੌਲੇਬੇਕੇ ਯਾਦਗਾਰ ਤੇ ਅਰਦਾਸ
ਮੁੱਖ ਸਮਾਗਮ ਤੋਂ ਬਾਅਦ ਸਿੱਖ ਸੰਗਤਾਂ ਨੇ ਅਪਣੇ ਪੁਰਖਿਆਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਹਜ਼ਾਰਾਂ ਕਿਲੋਮੀਟਰ ਦੂਰ ਆ ਕੇ ਵਾਹੀ ਤੇਗ ਨੂੰ ਸੌ ਸਾਲਾਂ ਬਾਅਦ ਵੀ ਯਾਦ ਕਰਦਿਆਂ ਸਿਜਦਾ ਕਰਨ ਹਿੱਤ ਦੂਰੋਂ-ਦੂਰੋਂ ਵਹੀਰ ਘੱਤ ਕੇ ਸ਼ਿਰਕਤ ਕੀਤੀ। ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਮੂਹ ਸਿੱਖ ਫੋਜੀਆਂ ਨੂੰ ਯੂਰਪ ਭਰ ਵਿੱਚੋਂ ਆਏ ਆਗੂਆਂ ਵੱਲੋਂ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ ਜਿੰਨ੍ਹ੍ਹਾਂ ਵਿਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਸਰਦਾਰ ਜਸਪਾਲ ਸਿੰਘ ਹੇਰਾਂ, ਜਗਰੂਪ ਸਿੰਘ ਜਰਖੜ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਫਰਾਂਸ ਤੋਂ ਭਾਈ ਰਘੁਵੀਰ ਸਿੰਘ ਕੁਹਾੜ, ਭਾਈ ਕਸਮੀਰ ਸਿੰਘ, ਭਾਈ ਬਸੰਤ ਸਿੰਘ ਪੰਜਹੱਥਾ, ਜਥੇਦਾਰ ਗੁਰਦਿਆਲ ਸਿੰਘ, ਭਾਈ ਕਰਨੈਲ ਸਿੰਘ ਸਿੰਤਰੂਧਨ, ਰਣਜੀਤ ਸਿੰਘ ਪੱਪੂ ਸਵਿੱਟਜ਼ਰਲੈਂਡ, ਅਵਤਾਰ ਸਿੰਘ ਰਾਂਹੋ ਅਤੇ ਭਾਈ ਜਗਦੀਸ਼ ਸਿੰਘ ਭੂਰਾ ਪ੍ਰਮੁੱਖ ਹਨ।
ਭਾਈ ਜਗਦੀਸ਼ ਸਿੰਘ ਭੂਰਾ ਦੇ ਅਗਵਾਹੀ ਹੇਠ ਹੋਏ ਇਸ ਸਮਾਗਮ ਸਮੇਂ ਵੱਖ-ਵੱਖ ਸ਼ਖਸੀਅਤਾਂ ਜਥੇਦਾਰ ਰਣਜੀਤ ਸਿੰਘ ਨੂੰ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਯੂਰਪ ਭਰ ਦੇ ਸਿੱਖ ਨੁੰਮਾਇਦਿਆਂ ਵੱਲੋਂ, ਸ. ਜਗਰੂਪ ਸਿੰਘ ਜਰਖੜ ਨੂੰ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਰਘੁਬੀਰ ਸਿੰਘ ਕੁਹਾੜ, ਭਾਈ ਬਸੰਤ ਸਿੰਘ ਪੰਜਹੱਥਾ, ਜਥੇਦਾਰ ਜਗਦੀਸ਼ ਸਿੰਘ ਭੂਰਾ ਨੂੰ ਇਹਨਾਂ ਪ੍ਰਬੰਧਾਂ ਬਦਲੇ, ਪ੍ਰਿਤਪਾਲ ਸਿੰਘ ਪਟਵਾਰੀ, ਭਾਈ ਕਰਨੈਲ ਸਿੰਘ , ਭਾਈ ਬਲਬੀਰ ਸਿੰਘ ਉਪਰਤਿੰਗਨ, ਪੰਜ ਪਿਆਰੇ ਸਿੰਘਾਂ ਅਤੇ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਨੂੰ ਵੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਅਮਰਜੀਤ ਸਿੰਘ ਭੋਗਲ, ਹਰਚਰਨ ਸਿੰਘ ਢਿੱਲ੍ਹੋਂ, ਰਾਜਵੀਰ ਸਿੰਘ ਕੰਗ, ਦਲਜੀਤ ਸਿੰਘ ਬਾਬਕ, ਪ੍ਰਗਟ ਸਿੰਘ ਜੋਧਪੁਰੀ, ਸਿੱਖ ਚੈਨਲ ਵੱਲੋਂ ਦਿਲਬਾਗ ਸਿੰਘ, ਕਸ਼ਮੀਰ ਸਿੰਘ, ਕਮਲਜੀਤ ਸਿੰਘ, ਜਗਜੀਤ ਸਿੰਘ ਜੀਤਾ ਕੇ ਟੀ ਵੀ, ਅਕਾਲ ਚੈਨਲ ਤੋਂ ਭਾਈ ਬਸੰਤ ਸਿੰਘ ਪੰਜਹੱਥਾ ਅਤੇ ਕਾਕਾ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ।
ਬੈਡਫੋਰਡ ਸ਼ਮਸ਼ਾਨਘਾਟ ਵਿਚ ਸ਼ਰਧਾਜਲੀਆਂ
ਹੌਲੇਬੇਕੇ ਮੌਨੂੰਮੈਂਟ ਬਾਅਦ ਸਿੱਖ ਸੰਗਤਾਂ ਨੇ ਬੈਡਫੋਰਡ ਸ਼ਮਸ਼ਾਨਘਾਟ ਜਾ ਕੇ ਸ਼ਹੀਦ ਸਿੱਖ ਫੌਜੀ ਕਿਸ਼ਨ ਸਿੰਘ ਸਮੇਤ ਉੱਥੇ ਦਫਨਾਏ ਗਈ ਫੌਜੀਆਂ ਦੀਆਂ ਸਮਾਧਾਂ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਵਿਦੇਸ਼ਾਂ ਵਿੱਚੋਂ ਆਏ ਸਮੂਹ ਬੁਲਾਰਿਆਂ ਨੇ ਇਹਨਾਂ ਸਮਾਗਮਾਂ ਲਈ ਸਿੱਖ ਸੰਗਤਾਂ ਦੀ ਇਕੱਤਰਤਾ ਲਈ ਸੁਚੱਜੇ ਯਤਨਾਂ ਅਤੇ ਪ੍ਰਬੰਧਾਂ ਬਦਲੇ ਭਾਈ ਜਗਦੀਸ਼ ਸਿੰਘ ਭੂਰਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਲੰਗਰਾਂ ਲਈ ਬੈਲਜ਼ੀਅਮ ਦੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਇਸ ਵਿਸ਼ਾਲ ਸਮਾਗਮ ਲਈ ਦੋਨੋਂ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੈਂਟ ਦੇ ਹੀ ਦੋ ਰੈਸਟੋਰੈਂਟਾਂ ਅਜਾਇਬ ਸਿੰਘ ਅਲੀਸ਼ੇਰ ਦੇ ਇੰਡੀਅਨ ਕਰੀ ਹਾਊਸ ਅਤੇ ਕੁਲਵੰਤ ਸਿੰਘ ਦੇ ਇੰਡੀਅਨ ਰਸੋਈ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ ਤੇ ਡਰਿੰਕ ਪਕੌੜਿਆਂ ਅਤੇ ਚਾਹ ਦੀ ਸੇਵਾ ਸਿੱਖ ਵੈਲਫੇਅਰ ਸੋਸਾਇਟੀ ਬਰੱਸਲ ਵੱਲੋਂ ਕੀਤੀ ਗਈ।
ਸ਼ੇਰੇ ਪੰਜਾਬ ਵੱਲੋਂ ਪਿਆਰਾ ਸਿੰਘ ਗਿੱਲ ਅਤੇ ਅਵਤਾਰ ਸਿੰਘ ਹਾਜ਼ਰ ਸਨ ਤੇ ਐਨ. ਆਈ. ਸਭਾ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਸ: ਤਰਸੇਮ ਸਿੰਘ ਸ਼ੇਰਗਿੱਲ ਵੀ ਬਰੱਸਲਜ਼ ਤੋਂ ਪਹੁੰਚੇ। ਗੁਰਦੁਆਰਾ ਸਾਹਿਬ ਬਰੱਸਲਜ਼ ਵੱਲੋਂ ਰੇਸ਼ਮ ਸਿੰਘ ਅਤੇ ਹੋਰ ਕਮੇਟੀ ਮੈਂਬਰ, ਸਿੱਖ ਸੇਵਾ ਸੁਸਾਇਟੀ ਵੱਲੋਂ ਜਸਦੀਪ ਸਿੰਘ ਦੀਪਾ, ਤਰਨਜੀਤ ਸਿੰਘ, ਅਤੇ ਅਮਰੀਕ ਸਿੰਘ ਸੇਵਾ ਲੈ ਕੇ ਪਹੁੰਚੇ ਸਨ। ਗੁਰਦਵਾਰਾ ਸਾਹਿਬ ਉਪਰਤਿੰਗਨ ਵੱਲੋਂ ਬੱਸ ਭਰ ਕੇ ਸੰਗਤ ਲਿਆਂਦੀ ਗਈ ਪ੍ਰਧਾਨ ਸਾਹਿਬ ਦੇ ਨਾਲ ਕੁਲਦੀਪ ਸਿੰਘ ਖਾੜਕੂ, ਗੁਰਦਿਆਲ ਸਿੰਘ ਅਤੇ ਬਲਕਾਰ ਸਿੰਘ ਪ੍ਰਮੁੱਖ ਹਨ ਇਸੇ ਤਰ੍ਹਾਂ ਹੀ ਸਿੰਤਰੂਧਨ ਗੁਰੂਘਰ ਵੱਲੋਂ ਵੀ ਬੱਸ ਵਿਚ ਸੰਗਤ ਲਿਆਂਦੀ ਗਈ ਤੇ ਪ੍ਰਬੰਧਕਾਂ ਵਿਚ ਹਰਦੀਪ ਸਿੰਘ ਮਿੰਟੂ, ਕਰਮਜੀਤ ਸਿੰਘ, ਗੁਰਨਾਮ ਸਿੰਘ ਜਖ਼ਮੀ ਅਤੇ ਕਰਮ ਸਿੰਘ ਔਲਖ ਸ਼ਾਮਲ ਸਨ। ਗੈਂਟ ਦੇ ਗੁਰਦੁਆਰਾ ਸਾਹਿਬ ਦਾ ਬਹੁਤ ਯੋਗਦਾਨ ਰਿਹਾ ਜਿੱਥੋਂ ਬੀਬੀਆਂ ਅਤੇ ਬੱਚਿਆਂ ਜੱਥਾ ਆਇਆ ਤੇ ਉਪਿੰਦਰ ਸਿੰਘ ਜਸਵਾਲ ਪ੍ਰਧਾਨ, ਮਨਮੋਹਨ ਸਿੰਘ, ਸੋਮਨਾਥ, ਜਸਪਾਲ ਸਿੰਘ, ਬਲਜਿੰਦਰ ਸਿੰਘ, ਸਵਰਨ ਸਿੰਘ ਸੰਘਾਂ, ਬਲਕਾਰ ਸਿੰਘ, ਗੁਰਦੇਵ ਸਿੰਘ, ਗੁਰਮੁੱਖ ਸਿੰਘ ਅਤੇ ਜਸਵੀਰ ਸਿੰਘ ਦੇ ਨਾਮ ਜ਼ਿਕਰਯੋਗ ਹਨ।