9 ਸਾਲਾ ਲਾਰੈਂਟ ਹੋਣ ਵਾਲਾ ਸੀ ਗ੍ਰੈਜੂਏਟ ਪਰ ਬਣ ਗਿਆ ਸਭ ਤੋਂ ਘੱਟ ਉਮਰ ਦਾ ਡ੍ਰਾਪਆਊਟ

12/12/2019 12:43:36 PM

ਬ੍ਰਸੇਲਸ (ਬਿਊਰੋ): ਬੀਤੇ ਮਹੀਨੇ ਜਿਸ 9 ਸਾਲਾ ਬੱਚੇ ਨੇ ਵਿਲੱਖਣ ਪ੍ਰਤਿਭਾ ਦੇ ਮਾਲਕ ਹੋਣ ਕਾਰਨ ਸੁਰਖੀਆਂ ਬਟੋਰੀਆਂ ਸਨ ਹੁਣ ਉਹ ਸਭ ਤੋਂ ਘੱਟ ਉਮਰ ਦਾ ਡ੍ਰਾਪਾਆਊਟ ਬਣ ਗਿਆ ਹੈ। ਅਸਲ ਵਿਚ ਇਸ ਮਹੀਨੇ ਦੇ ਅਖੀਰ ਤੱਕ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਜੁਏਟ ਬਣਨ ਜਾ ਰਹੇ ਲਾਰੈਂਟ ਸਿਮੋਨਸ ਨੇ ਯੂਨੀਵਰਸਿਟੀ ਛੱਡ ਦਿੱਤੀ ਹੈ। ਬੈਲਜੀਅਮ ਦਾ 9 ਸਾਲਾ ਲਾਰੈਂਟ ਆਇਨਹੋਵੇਨ ਯੂਨੀਵਰਸਿਟੀ ਆਫ ਤਕਨਾਲੋਜੀ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਪ੍ਰੀਖਿਆ ਦੇ ਬਾਅਦ ਉਸ ਨੇ ਦਸੰਬਰ ਦੇ ਅਖੀਰ ਵਿਚ ਗ੍ਰੈਜੁਏਟ ਹੋਣਾ ਸੀ ਪਰ ਯੂਨੀਵਰਸਿਟੀ ਵੱਲੋਂ ਡਿਗਰੀ ਦਿੱਤੇ ਜਾਣ ਦੀ ਤਰੀਕ ਬਦਲਣ ਦੇ ਬਾਅਦ ਉਸ ਦੇ ਮਾਤਾ-ਪਿਤਾ ਨੇ ਫੈਸਲਾ ਲਿਆ ਕਿ ਉਹ ਯੂਨੀਵਰਸਿਟੀ ਹੀ ਛੱਡ ਦੇਵੇਗਾ।

ਯੂਨੀਵਰਸਿਟੀ ਦਾ ਕਹਿਣਾ ਹੈ ਕਿ ਦਸੰਬਤ ਤੱਕ ਲਾਰੈਂਟ ਦੀਆਂ ਸਾਰੀਆਂ ਪ੍ਰੀਖਿਆਵਾਂ ਨਹੀਂ ਹੋ ਪਾਉਣਗੀਆਂ ਇਸ ਲਈ ਉਸ ਨੂੰ ਡਿਗਰੀ ਅਗਲੇ ਸਾਲ ਜੁਲਾਈ ਵਿਚ ਹੀ ਮਿਲ ਸਕੇਗੀ। ਭਾਵੇਂਕਿ ਲਾਰੈਂਟ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਪਿੱਛੇ ਇਕ ਓਰਲ ਪ੍ਰੀਖਿਆ ਵਿਚ ਫੇਲ ਕੀਤੇ ਜਾਣ ਦੇ ਬਾਅਦ ਉਸ ਵੱਲੋਂ ਕੀਤਾ ਗਿਆ ਵਿਰੋਧ ਹੈ। ਲਾਰੈਂਟ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਜ਼ਰੀਏ ਯੂਨੀਵਰਸਿਟੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਝੂਠਾ ਕਰਾਰ ਦਿੱਤਾ। ਪੋਸਟ ਦੇ ਨਾਲ ਹੀ ਲਾਰੈਂਟ ਨੇ ਉਸ ਈ-ਮੇਲ ਦਾ ਸਕ੍ਰੀਨਸ਼ਾਟ ਵੀ ਪਾਇਆ ਹੈ ,ਜਿਸ ਵਿਚ ਯੂਨੀਵਰਸਿਟੀ ਵੱਲੋਂ ਉਸ ਨੂੰ ਇਸੇ ਸਾਲ ਗ੍ਰੈਜੁਏਟ ਕੀਤੇ ਜਾਣ ਦੀ ਗੱਲ ਕਹੀ ਗਈ ਸੀ। 

PunjabKesari

ਉਸ ਨੇ ਪੋਸਟ ਵਿਚ ਲਿਖਿਆ ਕਿ ਮੇਰੀ ਪੜ੍ਹਾਈ ਚੰਗੇ ਤਰੀਕੇ ਨਾਲ ਚੱਲ ਰਹੀ ਸੀ ਅਤੇ ਦਸੰਬਰ ਵਿਚ ਖਤਮ ਹੋ ਜਾਣੀ ਸੀ ਪਰ ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ ਕਿ ਸਾਰੀਆਂ ਪ੍ਰੀਖਿਆਵਾਂ ਨਾ ਹੋਣ ਕਾਰਨ ਦਸੰਬਰ ਵਿਚ ਡਿਗਰੀ ਦੇਣਾ ਸੰਭਵ ਨਹੀਂ ਹੋ ਸਕੇਗਾ। ਭਾਵੇਂਕਿ ਇਸ ਦਾ ਕਾਰਨ ਓਰਲ ਪ੍ਰੀਖਿਆ ਵਾਲਾ ਮਾਮਲਾ ਸੀ। ਮੈਂ ਵਿਰੋਧ ਜਤਾਇਆ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਦਸੰਬਰ ਵਿਚ ਡਿਗਰੀ ਨਹੀਂ ਦੇਣਗੇ। ਇਕ ਮਹੀਨਾ, ਦੋ ਮਹੀਨਾ, ਤਿੰਨ ਮਹੀਨੇ ਪਰ ਸੱਤ ਮਹੀਨੇ ਇਹ ਤਾਂ ਹੱਦ ਹੈ। ਗੌਰਤਲਬ ਹੈ ਕਿ ਪਿਛਲੇ ਮਹੀਨੇ ਲਾਰੈਂਟ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਜੁਏਟ ਬਣਨ ਦੀ ਖਬਰ 'ਤੇ ਯੂਨੀਵਰਸਿਟੀ ਨੇ ਉਸ ਨੂੰ ਵਿਲੱਖਣ ਪ੍ਰਤਿਭਾ ਦਾ ਮਾਲਕ ਕਿਹਾ ਸੀ। 

ਲਾਰੈਂਟ ਦੇ ਪਿਤਾ ਅਲੈਗਜ਼ੈਂਡਰ ਨੇ ਦੱਸਿਆ ਕਿ ਪਿਛਲੇ ਮਹੀਨੇ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਹੁਣ ਡਿਗਰੀ ਦੇਣ ਵਿਚ 6 ਮਹੀਨੇ ਦੀ ਦੇਰੀ। ਇਹ ਸਹੀ ਨਹੀਂ ਹੈ। ਮੇਰੇ ਬੇਟੇ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਗ੍ਰੈਜੁਏਸ਼ਨ ਦੇ ਬਾਅਦ ਵਿਦੇਸ਼ ਦੀ ਇਕ ਯੂਨੀਵਰਸਿਟੀ ਵਿਚ ਪੀ.ਐੱਚ.ਡੀ. ਕਰਨ ਦੀ ਯੋਜਨਾ ਸੀ। ਲਾਰੈਂਟ ਨੂੰ ਕਈ ਵੱਡੀਆਂ ਯੂਨੀਵਰਸਿਟੀਆਂ ਤੋਂ ਪੜ੍ਹਾਈ ਦਾ ਆਫਰ ਆਇਆ ਹੈ ਅਤੇ ਅਸੀਂ ਜਲਦੀ ਹੀ ਉਸ ਦੀ ਅੱਗੇ ਦੀ ਪੜ੍ਹਾਈ ਬਾਰੇ ਕਈ ਫੈਸਲਾ ਲਵਾਂਗੇ। ਇੱਥੇ ਦੱਸਣਯੋਗ ਹੈ ਕਿ ਅਮਰੀਕਾ ਦੇ ਮਾਈਕਲ ਕਿਰੇਨੀ ਫਿਲਹਾਲ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਜੁਏਟ ਹਨ ਜਿਹਨਾਂ ਨੂੰ 1994 ਵਿਚ 10 ਸਾਲ, 4 ਮਹੀਨੇ ਦੀ ਉਮਰ ਵਿਚ ਇਹ ਡਿਗਰੀ ਮਿਲੀ ਸੀ।
 


Vandana

Content Editor

Related News