ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਾਂ ਨੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਕੀਤੀ ਇਹ ਅਪੀਲ

Sunday, May 13, 2018 - 04:00 PM (IST)

ਬ੍ਰਿਟਿਸ਼ ਕੋਲੰਬੀਆ— ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ ਪਰ ਕਈ ਵਾਰ ਉਨ੍ਹਾਂ ਦੀਆਂ ਸ਼ਰਾਰਤਾਂ ਉਨ੍ਹਾਂ ਲਈ ਹੀ ਖਤਰਾ ਬਣ ਜਾਂਦੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਬੱਚਿਆਂ ਵਾਲੇ ਹਸਪਤਾਲ ਦੇ ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਮਾਂ-ਬਾਪ ਛੋਟੇ ਬੱਚਿਆਂ ਨੂੰ ਸੰਭਾਲਣ ਸਮੇਂ ਵਧੇਰੇ ਧਿਆਨ ਰੱਖਣ ਕਿਉਂਕਿ ਉਹ ਖਿੜਕੀਆਂ ਅਤੇ ਬਾਲਕੋਨੀਆਂ 'ਚੋਂ ਡਿੱਗ ਜਾਂਦੇ ਹਨ। ਜ਼ਿਆਦਾਤਰ ਮਾਂ-ਬਾਪ ਸੋਚ ਲੈਂਦੇ ਹਨ ਕਿ ਅਜੇ ਉਨ੍ਹਾਂ ਦਾ ਬੱਚਾ ਇਕ ਥਾਂ 'ਤੇ ਹੀ ਬੈਠ ਕੇ ਖੇਡਦਾ ਹੈ ਅਤੇ ਜਦ ਵੀ ਮਾਂ-ਬਾਪ ਅੱਗੇ-ਪਿੱਛੇ ਹੁੰਦੇ ਹਨ ਤਾਂ ਬੱਚੇ ਬਾਲਕੋਨੀਆਂ ਜਾਂ ਖਿੜਕੀਆਂ ਵੱਲ ਭੱਜਦੇ ਹਨ ਅਤੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਬੀ.ਸੀ. ਚਿਲਡਰਨ ਹਸਪਾਲ ਨੇ ਜਾਣਕਾਰੀ ਦਿੱਤੀ ਕਿ ਮਈ ਤੋਂ ਸਤੰਬਰ ਤਕ ਅਜਿਹੀਆਂ ਵਾਰਦਾਤਾਂ ਵਧੇਰੇ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ 2017 'ਚ ਮਈ ਤੋਂ ਸਤੰਬਰ ਦੌਰਾਨ 15 ਜ਼ਖਮੀ ਬੱਚਿਆਂ ਦਾ ਇਲਾਜ ਕੀਤਾ ਗਿਆ ਸੀ। ਇਨ੍ਹਾਂ 'ਚੋਂ ਕਈਆਂ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਗਿਆ ਸੀ। ਜਦ ਕਿ 2016 'ਚ ਅਜਿਹੇ ਹਾਦਸੇ ਘੱਟ ਵਾਪਰੇ ਸਨ। ਬੱਚਿਆਂ ਦੇ ਹਸਪਤਾਲ ਦੇ ਡਾਕਟਰ ਐਸ਼ ਸਿੰਘਲ ਨੇ ਦੱਸਿਆ ਕਿ ਬੱਚਿਆਂ ਦੇ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬਾਲਕੋਨੀਆਂ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਬੰਦ ਰੱਖਣ ਤਾਂ ਕਿ ਉਨ੍ਹਾਂ ਦੀ ਗੈਰ ਮੌਜੂਦਗੀ 'ਚ ਬੱਚੇ ਸੁਰੱਖਿਅਤ ਰਹਿਣ। 
ਉਨ੍ਹਾਂ ਜਾਣਕਾਰੀ ਦਿੱਤੀ ਕਿ 2010 ਤੋਂ 2016 ਤਕ 132 ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਇਹ ਸਾਰੇ ਘਰਾਂ ਦੀਆਂ ਖਿੜਕੀਆਂ ਅਤੇ ਬਾਲਕੋਨੀਆਂ 'ਚੋਂ ਹੀ ਡਿੱਗੇ ਸਨ, ਇਨ੍ਹਾਂ 'ਚੋਂ 85 ਫੀਸਦੀ ਬੱਚੇ 1 ਤੋਂ 6 ਸਾਲ ਦੀ ਉਮਰ ਦੇ ਸਨ। ਉਨ੍ਹਾਂ ਕਿਹਾ ਕਿ ਕਈ ਘਰਾਂ 'ਚ ਬੱਚਿਆਂ ਨੂੰ ਕੇਅਰ ਟੇਕਰ ਸੰਭਾਲਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।


Related News