ਬੀ.ਸੀ. : ਨੌਜਵਾਨ ''ਤੇ ਲੱਗਾ ਮਹਿਲਾ ਨਾਲ ਛੇੜਛਾੜ ਦਾ ਦੋਸ਼, ਸਕੈੱਚ ਜਾਰੀ

07/20/2019 9:10:55 PM

ਬਰਨਬੀ (ਏਜੰਸੀ)- ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇੜੇ ਬਰਨਬੀ ਮਾਉਂਟੇਨ ਵਿਖੇ ਇਕ ਮਹਿਲਾ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁਲਸ ਨੇ ਸ਼ੱਕੀ ਦਾ ਸਕੈੱਚ ਜਾਰੀ ਕਰ ਦਿੱਤਾ ਹੈ ਜਿਸ ਮੁਤਾਬਕ ਹਮਲਾਵਰ ਇਕ ਦਸਤਾਰਧਾਰੀ ਨੌਜਵਾਨ ਹੈ। ਪੁਲਸ ਮੁਤਾਬਕ ਬੀਤੀ 14 ਜੁਲਾਈ ਨੂੰ ਰਾਤ 8-30 ਵਜੇ ਵਾਪਰੀ ਘਟਨਾ ਦੌਰਾਨ ਪੀੜਤ ਮਹਿਲਾ ਯੂਨੀਵਰਸਿਟੀ ਡਰਾਈਵ ਅਤੇ ਵੈਸਟ ਕੈਂਪਸ ਰੋਡ 'ਤੇ ਵਾਕ ਕਰ ਰਹੀ ਸੀ ਜਦੋਂ ਇਕ ਵਿਅਕਤੀ ਉਸ ਪਿੱਛੇ ਤੁਰਨ ਲੱਗਾ। ਸ਼ਖਸ ਨੇ ਮਹਿਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦਰਮਿਆਨ ਮਹਿਲਾ ਦੀ ਬਾਂਹ ਫੜ ਲਈ।

ਮਹਿਲਾ ਆਪਣੀ ਬਾਂਹ ਛੁਡਾਉਣ ਵਿਚ ਸਫਲ ਰਹੀ ਅਤੇ ਹੌਰਾਈਜ਼ਨਜ਼ ਰੈਸਟੋਰੈਂਟ ਨੇੜਲੇ ਇਕ ਪਾਰਕਿੰਗ ਸਥਾਨ ਵੱਲ ਦੌੜ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਪਾਰਕਿੰਗ ਸਥਾਨ ਵਿਚ ਦੋ ਔਰਤਾਂ ਪੀੜਤ ਦੀ ਮਦਦ ਲਈ ਅੱਗੇ ਆਈਆਂ ਜਦੋਂ ਕਿ ਸ਼ੱਕੀ ਫਰਾਰ ਹੋ ਗਿਆ। ਪੁਲਸ ਨੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 9 ਇੰਚ ਅਤੇ ਉਮਰ 19 ਤੋਂ 23 ਸਾਲ ਦਰਮਿਆਨ ਹੈ। ਅੱਖਾਂ ਦਾ ਰੰਗ ਭੂਰਾ ਅਤੇ ਘਟਨਾ ਵਾਲੇ ਦਿਨ ਉਸ ਨੇ ਕਾਲੀ ਪੱਗ ਬੰਨ੍ਹੀ ਹੋਈ ਸੀ। ਪੁਲਸ ਨੇ ਸਕੈੱਚ ਜਾਰੀ ਕਰਦਿਆਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।


Sunny Mehra

Content Editor

Related News