ਬੰਗਲਾਦੇਸ਼ ''ਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਜ਼ਿਲਿਆਂ ''ਚ ਭੋਜਨ ਅਤੇ ਬਿਜਲੀ ਦਾ ਸੰਕਟ
Thursday, Jun 15, 2017 - 06:40 PM (IST)
ਢਾਕਾ— ਬੰਗਲਾਦੇਸ਼ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ, ਜਿਸ ਕਾਰਨ ਜ਼ਮੀਨ ਖਿਸਕ ਗਈ ਅਤੇ 156 ਲੋਕ ਮਾਰੇ ਗਏ ਹਨ। ਬਚਾਅ ਮੁਹਿੰਮ 'ਚ ਲੱਗੇ ਕਰਮਚਾਰੀ ਲੋਕਾਂ ਨੂੰ ਬਚਾਉਣ 'ਚ ਲੱਗੇ ਹੋਏ ਹਨ। ਰਾਹਤ ਕਰਮਚਾਰੀ ਬੰਗਲਾਦੇਸ਼ ਦੇ ਉਨ੍ਹਾਂ ਜ਼ਿਲਿਆਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ, ਜਿੱਥੇ ਮਾਨਸੂਨ ਬਾਰਸ਼ ਕਾਰਨ ਜ਼ਮੀਨ ਖਿਸਕਣ ਨਾਲ 156 ਲੋਕ ਮਾਰੇ ਗਏ। ਜ਼ਮੀਨ ਖਿਸਕਣ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰੰਗਾਮਤੀ ਜ਼ਿਲਾ ਖਾਣੇ, ਬਿਜਲੀ ਅਤੇ ਈਂਧਨ ਦੀ ਕਮੀ ਨਾਲ ਜੂਝ ਰਿਹਾ ਹੈ।
ਦੱਖਣੀ-ਪੂਰਬੀ ਰੰਗਾਮਤੀ, ਚਟਗਾਓਂ ਅਤੇ ਬੰਦਰਬਨ ਉਹ ਇਲਾਕੇ ਹਨ, ਜਿੱਥੇ ਲਗਾਤਾਰ ਮਾਨਸੂਨ ਬਾਰਸ਼ ਕਾਰਨ ਕਈ ਥਾਂ ਜ਼ਮੀਨ ਖਿਸਕੀ ਅਤੇ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ। ਮਿਜ਼ੋਰਮ ਅਤੇ ਤ੍ਰਿਪੁਰਾ ਦੀ ਸਰਹੱਦ ਨਾਲ ਲੱਗਦੇ ਆਫਤ ਪ੍ਰਭਾਵਿਤ ਰੰਗਾਮਤੀ ਜ਼ਿਲਾ ਸਭ ਤੋਂ ਵਧ ਪ੍ਰਭਾਵਿਤ ਹੋਇਆ ਅਤੇ ਇਸੇ ਜ਼ਿਲੇ ਵਿਚ ਰਾਹਤ ਮੁਹਿੰਮ 'ਚ ਲੱਗੇ 4 ਫੌਜੀਆਂ ਸਮੇਤ 110 ਮੌਤਾਂ ਹੋਈਆਂ। ਇਸ ਜ਼ਿਲੇ ਵਿਚ ਖਾਣਾ, ਬਿਜਲੀ ਅਤੇ ਈਂਧਨ ਦੀ ਕਮੀ ਕਾਰਨ ਅਨਿਸ਼ਚਤਤਾ ਦਾ ਮਾਹੌਲ ਹੈ। ਸਥਾਨਕ ਮੀਡੀਆ ਨੇ ਖਬਰ ਦਿੱਤੀ ਹੈ ਕਿ ਰੰਗਾਮਤੀ 'ਚ ਬਿਜਲੀ ਨਹੀਂ ਆ ਰਹੀ ਅਤੇ ਅਜਿਹਾ ਲੱਗਦਾ ਹੈ ਕਿ ਸਪਲਾਈ ਆਮ ਹੋਣ 'ਚ ਥੋੜ੍ਹਾ ਸਮਾਂ ਲੱਗੇਗਾ। ਮਲਬੇ ਅਤੇ ਟੁੱਟ-ਫੁੱਟ ਕਾਰਨ ਸੜਕੀ ਸੰਪਰਕ ਹੁਣ ਵੀ ਕੱਟਿਆ ਹੋਇਆ ਹੈ, ਜਿਸ ਨੂੰ ਆਮ ਹੋਣ 'ਚ ਥੋੜ੍ਹਾ ਸਮਾਂ ਲੱਗੇਗਾ।
