ਬੰਗਲਾਦੇਸ਼ ਕ੍ਰਿਕਟ ਟੀਮ ਨੇ ਕੋਵਿਡ-19 ਖਿਲਾਫ ਲੜਾਈ ਲਈ ਅੱਧੇ ਮਹੀਨੇ ਦੀ ਦਿੱਤੀ ਸੈਲਰੀ
Wednesday, Mar 25, 2020 - 06:57 PM (IST)

ਢਾਕਾ : ਕੋਵਿਡ-19 ਮਹਾਮਾਰੀ ਵਿਚਾਲੇ ਬੰਗਲਾਦੇਸ਼ ਦੇ ਕ੍ਰਿਕਟਰਾਂ ਨੇ ਆਪਣੇ ਅੱਧੇ ਮਹੀਨੇ ਦੀ ਤਨਖਾਹ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਹੈ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਕਰਾਰ 17 ਕ੍ਰਿਕਟਰਾਂ ਸਣੇ ਕੁਲ 27 ਕ੍ਰਿਕਟਰਾਂ ਨੇ ਇਹ ਦਾਨ ਦੇਣ ਦਾ ਫੈਸਲਾ ਕੀਤਾ। ਬਾਕੀ 10 ਖਿਡਾਰੀ ਵੀ ਰਾਸ਼ਟਰੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ।
ਖਿਡਾਰੀਆਂ ਨੇ ਇਕ ਸਾਂਝੇ ਬਿਆਨ 'ਚ ਕਿਹਾ, ''ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਬੰਗਲਾਦੇਸ਼ ਵਿਚ ਵੀ ਇਸ ਦਾ ਕਹਿਰ ਵੱਧ ਰਿਹਾ ਹੈ। ਅਸੀਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤੋਂ ਬਚਾਅ ਲਈ ਜ਼ਰੂਰੀ ਕਦਮ ਕੀਤੇ ਜਾਣ। ਅਸੀਂ 27 ਕ੍ਰਿਕਟਰ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਆਪਣੇ ਅੱਧੇ ਮਹੀਨੇ ਦੀ ਤਨਖਾਹ ਦੇ ਰਹੇ ਹਾਂ। ਇਹ ਰਕਮ ਕਰੀਬ 25 ਲੱਖ ਟਕਾ ਹੋਵੇਗੀ। ਇਹ ਰਕਮ ਘੱਟ ਹੈ ਪਰ ਅਸੀਂ ਸਭ ਮਿਲ ਕੇ ਯੋਗਦਾਨ ਦੇ ਸਕਦੇ ਹਾਂ ਤਾਂ ਇਹ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਵੱਡਾ ਯੋਗਦਾਨ ਹੋਵੇਗਾ।'' ਬੰਗਲਾਦੇਸ਼ ਵਿਚ ਹੁਣ ਤਕ 39 ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ, ਜਦਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।