ਭੂਚਾਲ ਮਗਰੋਂ ਮਲਬੇ ਹੇਠੋਂ ਕੱਢਿਆ ਬੱਚਾ ਪਰ ਸਕੇ ਭਰਾ ਕਰ ਰਹੇ ਨੇ ਜ਼ਿੰਦਗੀ ਲਈ ਮੁਸ਼ੱਕਤ, ਦੇਖਣ ਲਈ ਤਰਸੀ ਮਾਂ

Tuesday, Aug 22, 2017 - 12:49 PM (IST)

ਭੂਚਾਲ ਮਗਰੋਂ ਮਲਬੇ ਹੇਠੋਂ ਕੱਢਿਆ ਬੱਚਾ ਪਰ ਸਕੇ ਭਰਾ ਕਰ ਰਹੇ ਨੇ ਜ਼ਿੰਦਗੀ ਲਈ ਮੁਸ਼ੱਕਤ, ਦੇਖਣ ਲਈ ਤਰਸੀ ਮਾਂ

ਰੋਮ— ਇਟਲੀ ਦੇ ਇਸਚੀਆ ਟਾਪੂ 'ਤੇ ਸੋਮਵਾਰ ਦੀ ਰਾਤ ਨੂੰ ਭੂਚਾਲ ਕਾਰਨ ਤਬਾਹੀ ਮਚ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਭੂਚਾਲ ਕਾਰਨ 25 ਇਮਾਰਤਾਂ ਨੁਕਸਾਨੀਆਂ ਗਈਆਂ। ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਲਈ ਬਚਾਅ ਕਰਮਚਾਰੀ ਸੰਘਰਸ਼ ਕਰ ਰਹੇ ਹਨ। ਬਚਾਅ ਕਰਮਚਾਰੀਆਂ ਨੇ ਸਖਤ ਮੁਸ਼ੱਕਤ ਤੋਂ ਬਾਅਦ ਇਕ ਛੋਟੇ ਜਿਹੇ ਲੜਕੇ ਨੂੰ ਮਲਬੇ 'ਚੋਂ ਬਾਹਰ ਕੱਢਿਆ, ਉਹ ਬਿਲਕੁੱਲ ਠੀਕ ਹੈ। 
ਇਸ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤੜਕੇ 4 ਵਜੇ ਬਚਾਅ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਕ 7 ਮਹੀਨਿਆਂ ਦੇ ਬੱਚੇ ਨੂੰ ਮਲਬੇ 'ਚੋਂ ਬਾਹਰ ਕੱਢਿਆ ਹੈ। ਉਸ ਦੇ ਦੋ ਭਰਾ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। 4 ਅਤੇ 7 ਸਾਲ ਦੇ ਇਹ ਬੱਚੇ ਬੈਡ ਹੇਠਾਂ ਫਸੇ ਹੋਏ ਹਨ ਅਤੇ ਬਚਾਅ ਕਰਮਚਾਰੀਆਂ ਦੇ ਸੰਪਰਕ ਵਿਚ ਹਨ। ਉਨ੍ਹਾਂ ਦੀ ਮਾਂ ਠੀਕ ਹੈ ਅਤੇ ਉਨ੍ਹਾਂ ਦੇ ਪਿਤਾ ਨੂੰ ਤੜਕੇ ਢਾਈ ਵਜੇ ਬਚਾਇਆ ਗਿਆ। ਮੰਗਲਵਾਰ ਦੀ ਸਵੇਰ ਨੂੰ ਦੱਸਿਆ ਗਿਆ ਕਿ ਭੂਚਾਲ ਨਾਲ ਕਾਸਾਮਿਸੀਓਲਾ ਅਤੇ ਗੁਆਂਢੀ ਲਾਕੋ ਅਮੇਨੋ ਇਲਾਕੇ ਪ੍ਰਭਾਵਿਤ ਹੋਏ। ਕਾਸਾਮਿਸੀਓਲਾ 'ਚ ਇਕ ਇਮਾਰਤ ਢਹਿ ਗਈ ਅਤੇ 3 ਲੋਕਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ। 
ਟਾਪੂ ਦੇ ਉੱਤਰੀ-ਪੱਛਮੀ ਹਿੱਸੇ 'ਚ ਭੂਚਾਲ ਦਾ ਝਟਕਾ ਸਥਾਨਕ ਸਮੇਂ ਅਨੁਸਾਰ ਰਾਤ 9 ਵੱਜ ਤੋਂ ਕੁਝ ਮਿੰਟ ਪਹਿਲੇ ਮਹਿਸੂਸ ਕੀਤਾ ਗਿਆ। ਵੱਡੇ ਝਟਕੇ ਤੋਂ ਬਾਅਦ ਕਈ ਛੋਟੇ ਝਟਕੇ ਵੀ ਲੱਗੇ। ਇਲਾਕੇ ਦੀਆਂ ਇਮਾਰਤਾਂ ਢਹਿ ਗਈ, ਜਦਕਿ ਕਈ ਹੋਰ ਇਮਾਰਤਾਂ ਵਿਚ ਵੱਡੀ-ਵੱਡੀ ਦਰਾਰਾਂ ਆ ਗਈਆਂ।


Related News