ਕੈਨੇਡਾ : ਨਸ਼ਿਆਂ ਦੀ ਦਲਦਲ ਨੇ ਰੋਲ ਦਿੱਤੀ ਜਵਾਨੀ, ਪੰਜਾਬੀਆਂ ਦੇ ਗੜ੍ਹ ''ਚ 900 ਤੋਂ ਵੱਧ ਮੌਤਾਂ

08/26/2020 12:35:02 PM

ਵਿਕਟੋਰੀਆ - ਨਸ਼ਿਆਂ ਦੀ ਦਲਦਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਲਗਾਤਾਰ ਖਾ ਰਹੀ ਹੈ। ਮਾਂਵਾਂ ਪੁੱਤਾਂ ਅੱਗੇ ਤਰਲੇ ਪਾਉਂਦੀਆਂ ਨੇ ਕਿ ਉਹ ਨਸ਼ਿਆਂ 'ਚ ਨਾ ਫਸਣ ਪਰ ਨਸ਼ੇੜੀ ਬਣੇ ਪੁੱਤਾਂ ਨੂੰ ਨਸ਼ੇ ਤੋਂ ਇਲਾਵਾ ਕੁਝ ਨਹੀਂ ਦਿਖਦਾ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਨਸ਼ੀਲੇ ਪਦਾਰਥਾਂ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ ਤੇ ਇਕ ਸਰਵੇ ਮੁਤਾਬਕ ਜੁਲਾਈ ਮਹੀਨੇ 175 ਲੋਕਾਂ ਦੀ ਮੌਤ ਨਸ਼ੀਲੇ ਪਦਾਰਥਾਂ ਕਾਰਨ ਹੋਈ ਹੈ। 2020 ਦੇ ਪਹਿਲੇ ਸੱਤ ਮਹੀਨਿਆਂ ਵਿਚ ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ 909 ਵਿਅਕਤੀਆਂ ਦੀ ਮੌਤ ਹੋਈ ਹੈ।

ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਕੋਰਨਰਜ਼ ਸਰਵਿਸ ਦੇ ਅੰਕੜਿਆਂ ਮੁਤਾਬਕ ਤੀਜੀ ਵਾਰ ਇਕ ਮਹੀਨੇ ਵਿਚ ਨਸ਼ਿਆਂ ਕਾਰਨ 170 ਤੋਂ ਵੱਧ ਮੌਤਾਂ ਹੋਈਆਂ ਹਨ। ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਬ੍ਰਿਟਿਸ਼ ਕੋਲੰਬੀਆ ਨਸ਼ਿਆਂ ਤੇ ਗੈਂਗਸਟਰਾਂ ਨੇ ਖੋਖਲਾ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਮਈ ਮਹੀਨੇ ਵਿਚ ਸੂਬੇ ਵਿਚ 174 ਲੋਕਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ ਅਤੇ ਜੂਨ ਵਿਚ ਇਹ ਗਿਣਤੀ 177 ਹੋ ਗਈ। ਸਰਵੇ ਮੁਤਾਬਕ ਜੁਲਾਈ ਮਹੀਨੇ ਨਸ਼ੇ ਕਾਰਨ ਮਰਨ ਵਾਲੇ 5 ਵਿਚੋਂ 4 ਵਿਅਕਤੀਆਂ ਨੇ ਫੈਂਟਾਨਿਲ ਲਈ ਸੀ ਜੋ ਕਿ ਤਸਕਰੀ ਰਾਹੀਂ ਇੱਥੇ ਪੁੱਜ ਰਹੀ ਹੈ।

ਜੁਲਾਈ ਵਿਚ ਫੈਂਟਾਨਿਲ ਕਾਰਨ 140 , ਜੂਨ ਵਿਚ 139 ਤੇ ਮਈ ਵਿਚ 131 ਲੋਕਾਂ ਨੇ ਜਾਨ ਗੁਆਈ। ਜੁਲਾਈ ਦੇ ਅੰਕੜੇ ਦੇਖ ਕੇ ਇਹ ਸਪੱਸ਼ਟ ਹੈ ਕਿ ਇਕ ਦਿਨ ਵਿਚ ਔਸਤਨ 5.6 ਮੌਤਾਂ ਹੋਈਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ 136 ਫੀਸਦੀ ਵੱਧ ਰਹੀ ਹੈ।
 


Lalita Mam

Content Editor

Related News