''ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਫਰਿਜ਼ਨੋ'' ਨੇ ਕਰਵਾਇਆ ਦੂਸਰਾ ਕਬੱਡੀ ਕੱਪ

10/30/2019 9:54:13 AM

ਫਰਿਜ਼ਨੋ ( ਨੀਟਾ ਮਾਛੀਕੇ )- ਲੰਘੇ ਸ਼ਨੀਵਾਰ ਫਰਿਜ਼ਨੋ ਦੇ ਰੀਜਨਲ ਸਪੋਰਟਸ ਕੰਪਲੈਕਸ ਵਿੱਚ 'ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ' ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਦੂਸਰਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਕੱਪ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪਹੁੰਚੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਥੇ ਚਾਰ ਓਪਨ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ, ਉੱਥੇ ਹੀ 2 ਅੰਡਰ ਟਵੰਟੀਵਨ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਕਬੱਡੀ ਮੁਕਾਬਲਿਆਂ ਤੋਂ ਬਿਨਾਂ ਸੌਕਰ ਅਤੇ ਰੱਸਾਕਸ਼ੀ ਦੇ ਦਿਲਕਸ਼ ਮੁਕਾਬਲੇ ਵੀ ਵੇਖਣ ਨੂੰ ਮਿਲੇ। ਰੱਸਾਕਸ਼ੀ ਵਿੱਚ ਬੇਕਰਸਫੀਲਡ ਦੀ ਟੀਮ ਖਾਲੜਾ ਪਾਰਕ ਫਰਿਜ਼ਨੋ ਨੂੰ ਹਰਾਕੇ ਜੇਤੂ ਰਹੀ।
 

PunjabKesari

ਸਾਕਰ ਦੇ ਫ਼ਾਈਨਲ ਵਿੱਚ ਚੜਦੀਕਲਾ ਕਲੱਬ ਫਰਿਜ਼ਨੋ ਨੇ ਖਾਲਸਾ ਕਲੱਬ ਟਰਕਲ ਨੂੰ ਹਰਾਇਆ। ਅੰਡਰ ਟਵੰਟੀਵਨ ਕਬੱਡੀ ਮੈਚਾਂ ਦੌਰਾਨ ਫ਼ਾਈਨਲ ਮੈਚ ਬਹੁਤ ਫਸਵੇਂ ਮੁਕਾਬਲੇ ਪਿੱਛੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਨੇ ਸਿਲਮਾਂ ਕਲੱਬ ਨੂੰ ਹਰਾ ਕੇ ਜਿੱਤਿਆ। ਕਬੱਡੀ ਓਵਨ ਦੇ ਮੈਚ ਵੇਖਣ ਲਈ ਦਰਸ਼ਕ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਇਨ੍ਹਾਂ ਰੁਮਾਂਚਕ ਮੁਕਾਬਲਿਆਂ ਦੌਰਾਨ ਆਜ਼ਾਦ ਸਪੋਰਟਸ ਕਲੱਬ ਫਰਿਜ਼ਨੋ ਨੇ ਫ਼ਤਿਹ ਸਪੋਰਟਸ ਕਲੱਬ ਟਰਲਕ ਨੂੰ ਮਾਤ ਦਿੰਦਿਆਂ ਫ਼ਾਈਨਲ ਮੈਚ ਜਿੱਤ ਕੇ ਕੱਪ ਆਪਣੇ ਨਾਮ ਕੀਤਾ। ਕਬੱਡੀ ਕੱਪ ਦੇ ਬਿੱਸਟ ਰੇਡਰ ਜੀਵਨ ਮਾਣੂਕੇ ਅਤੇ ਬਿੱਸਟ ਜਾਫੀ ਲਵਲੀ ਸਹੇੜੀ ਨੂੰ ਐਲਾਨਿਆ ਗਿਆ।
 

PunjabKesari

ਪ੍ਰਬੰਧਕਾਂ ਵੱਲੋਂ ਨੌਰਥ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸ. ਸੁਰਜਨ ਸਿੰਘ ਚੱਠਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  ਅਜ਼ਾਦ ਸਪੋਰਟਸ ਕਲੱਬ ਵੱਲੋਂ ਸਮੂਹ ਟੀਮਾਂ, ਸਪਾਂਸਰ ਅਤੇ ਵਲੰਟੀਅਰ ਵੀਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਟੂਰਨਾਂਮੈਂਟ ਨੂੰ ਰੌਚਿਕ ਬਣਾਉਣ ਲਈ ਕੁਮੈਂਟੇਟਰ ਸੁਰਜੀਤ ਕਕਰਾਲੀ ਅਤੇ ਮੱਖਣ ਅਲੀ ਨੇ ਆਪਣੇ ਟੋਟਕਿਆਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸੇ ਤਰੀਕੇ ਨਾਲ ਸਟੇਜ ਸੰਚਾਲਨ ਆਸ਼ਾ ਸ਼ਰਮਾ ਜੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਾਖੂਬੀ ਕੀਤਾ। ਖੇਡ ਮੇਲੇ ਦੌਰਾਨ ਉੱਘੇ ਕਬੱਡੀ ਪ੍ਰਮੋਟਰ  ਬੌਬੀ ਬਰਾੜ ਨੇ ਮਸ਼ਹੂਰ ਕਬੱਡੀ ਖਿਡਾਰੀ ਸਵਰਨ ਸਿੰਘ ਵੈਲੀ ਅਤੇ ਮੌਲਾ ਨੂੰ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ। ਪਰਾਈਮ ਟਰੱਕ ਡ੍ਰਾਈਵਿੰਗ ਸਕੂਲ ਅਤੇ ਐੱਸ. ਡੀ. ਐੱਮ. ਸਟਾਰਜ਼ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ।


Related News