24 ਜੂਨ ਨੂੰ ਰੱਖੀ ਗਈ ਸੀ ਲੇਡੀਜ਼ ਜਿਮਖਾਨਾ ਕਲੱਬ ਦੀ ਚੋਣ, ਹੁਣ ਅਣਮਿੱਥੇ ਸਮੇਂ ਲਈ ਟਾਲੀ

Monday, Jun 24, 2024 - 03:07 PM (IST)

ਜਲੰਧਰ (ਖੁਰਾਣਾ)- ਜਲੰਧਰ ਸ਼ਹਿਰ ਦੇ 600 ਤੋਂ ਜ਼ਿਆਦਾ ਉੱਚ ਵਰਗ ਦੇ ਪਰਿਵਾਰਾਂ ਦੀਆਂ ਔਰਤਾਂ ’ਤੇ ਆਧਾਰਿਤ ਲੇਡੀਜ਼ ਜਿਮਖਾਨਾ ਕਲੱਬ ਦੀ ਚੋਣ 24 ਜੂਨ ਨੂੰ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ’ਚ ਇਨ੍ਹਾਂ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ। ਹੁਣ ਇਸ ਕਲੱਬ ਦੀ ਚੋਣ ਕਦੋਂ ਹੋਵੇਗੀ, ਇਸ ਬਾਰੇ ਕੋਈ ਨਿਸ਼ਚਿਤ ਰੂਪ ਨਾਲ ਨਹੀਂ ਦੱਸ ਪਾ ਰਿਹਾ। ਹੁਣ ਵੇਖਣਾ ਹੋਵੇਗਾ ਕਿ ਲੇਡੀਜ਼ ਜਿਮਖਾਨਾ ਕਲੱਬ ਕਦੋਂ ਤੱਕ ਬਿਨਾਂ ਚੋਣ ਕੀਤੀ ਹੋਈ ਟੀਮ ਦੇ ਚੱਲਦਾ ਹੈ, ਕਿਉਂਕਿ ਪਿਛਲੀ ਟੀਮ ਦਾ ਕਾਰਜਕਾਲ ਖ਼ਤਮ ਹੋ ਚੁੱਕਾ ਹੈ ਤੇ ਨਵੀਂ ਟੀਮ ਅਜੇ ਚੋਣ ਕਰ ਕੇ ਨਹੀਂ ਆਈ।

ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਜਲਦਬਾਜ਼ੀ ’ਚ 24 ਜੂਨ ਨੂੰ ਲੇਡੀਜ਼ ਜਿਮਖਾਨਾ ਕਲੱਬ ਦੀ ਚੋਣ ਕਰਵਾਉਣ ਸਬੰਧੀ ਮਿਤੀ ਐਲਾਨ ਕਰ ਦਿੱਤੀ ਸੀ ਪਰ ਪ੍ਰਧਾਨ ਵੱਲੋਂ ਇਨ੍ਹਾਂ ਚੋਣਾਂ ਲਈ ਨਾ ਤਾਂ ਕਿਸੇ ਨੂੰ ਰਿਟਰਨਿੰਗ ਅਫਸਰ ਲਾਇਆ ਗਿਆ ਤੇ ਨਾ ਹੀ ਚੋਣ ਸਬੰਧੀ ਕੋਈ ਸ਼ਡਿਊਲ ਹੀ ਜਾਰੀ ਹੋਇਆ। ਪਤਾ ਲੱਗਾ ਹੈ ਕਿ 24 ਜੂਨ ਨੂੰ ਸੰਭਾਵਿਤ ਚੋਣਾਂ ਨੂੰ ਲੈ ਕੇ ਕਲੱਬ ਮੈਂਬਰਾਂ ’ਚ ਐਕਟੀਵਿਟੀ ਵੀ ਸ਼ੁਰੂ ਹੋ ਗਈ ਸੀ ਅਤੇ 30 ਦੇ ਲਗਭਗ ਮੈਂਬਰਾਂ ਨੇ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਵੀ ਭਰ ਦਿੱਤੇ ਸਨ। ਹੁਣ ਸਾਰੇ ਨਾਮਜ਼ਦਗੀ ਪੱਤਰਾਂ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਗਿਆ ਹੈ ਅਤੇ ਜਦੋਂ ਚੋਣਾਂ ਦੀ ਨਵੀਂ ਮਿਤੀ ਐਲਾਨ ਹੋਵੇਗੀ, ਉਦੋਂ ਦੋਬਾਰਾ ਨਵੇਂ ਸਿਰੇ ਤੋਂ ਨਾਮਜ਼ਦਗੀ ਲਈ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: BSP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ

ਖ਼ਾਸ ਗੱਲ ਇਹ ਹੈ ਕਿ ਪਿਛਲੇ ਦਿਨੀਂ ਕਲੱਬ ਦਾ ਸੰਚਾਲਨ ਕਰ ਰਹੀ ਐਡਹਾਕ ਕਮੇਟੀ ਨੇ ਸੰਭਾਵਿਤ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਆਦਿ ਵੰਡੇ ਸਨ ਅਤੇ ਭਾਰੀ ਗਿਣਤੀ ’ਚ ਕਲੱਬ ਚੋਣ ਲੜਨ ਦੀਆਂ ਚਾਹਵਾਨ ਔਰਤਾਂ ਨੇ ਸ਼੍ਰੀਮਤੀ ਮਾਇਰ ਕੋਲ ਇਹ ਫਾਰਮ ਜਮ੍ਹਾ ਵੀ ਕਰਵਾ ਦਿੱਤੇ ਸਨ। ਹਾਲਾਤ ਇਹ ਬਣੇ ਕਿ ਇਸ ਤੋਂ ਅੱਗੇ ਦਾ ਕੋਈ ਸ਼ਡਿਊਲ ਜਾਰੀ ਹੀ ਨਹੀਂ ਹੋਇਆ ਅਤੇ ਸਾਰੀਆਂ ਚੋਣ ਪ੍ਰਕਿਰਿਆ ਕਿਸੇ ਅਧਿਕਾਰੀ ਦੀ ਦੇਖ-ਰੇਖ ’ਚ ਚੱਲੇਗੀ, ਇਸ ਸਬੰਧੀ ਵੀ ਕੋਈ ਐਲਾਨ ਨਹੀਂ ਕੀਤਾ ਗਿਆ।

ਪੁਲਸ ਕੇਸ ਦਾ ਵੀ ਕੋਈ ਪਤਾ ਨਹੀਂ, ਜੇਕਰ ਗੜਬੜੀ ਹੋਈ ਤਾਂ ਸਾਹਮਣੇ ਕਿਉਂ ਨਹੀਂ ਆ ਰਹੀ?
ਖ਼ਾਸ ਗੱਲ ਇਹ ਵੀ ਹੈ ਕਿ ਅਜੇ ਤੱਕ ਕਲੱਬ ਦੀ ਬੈਲੇਂਸ ਸ਼ੀਟ ਨੂੰ ਹੀ ਹਾਊਸ ਵੱਲੋਂ ਪਾਸ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਲੱਬ ਦੇ ਹਿਸਾਬ-ਕਿਤਾਬ ’ਚ ਗੜਬੜੀ ਸਬੰਧੀ ਪੁਲਸ ’ਚ ਜੋ ਐੱਫ਼. ਆਰ. ਆਈ. ਦਰਜ ਹੈ, ਉਸ ਦੇ ਆਧਾਰ ’ਤੇ ਕੋਈ ਫ਼ੈਸਲਾ ਹੀ ਲਿਆ ਗਿਆ ਹੈ। ਪੁਲਸ ਜਾਂਚ ਦਾ ਕੰਮ ਮਹੀਨਿਆਂ ਤੋਂ ਲਟਕਿਆ ਹੋਇਆ ਹੈ। ਕਲੱਬ ਮੈਂਬਰਾਂ ਦਾ ਸਾਫ਼ ਕਹਿਣਾ ਹੈ ਕਿ ਜੇਕਰ ਕਲੱਬ ਦੇ ਹਿਸਾਬ-ਕਿਤਾਬ ’ਚ ਗੜਬੜੀ ਦੇ ਦੋਸ਼ ਲਾ ਕੇ ਕਲੱਬ ਬੰਦ ਕੀਤਾ ਗਿਆ ਅਤੇ ਟੀਮ ਨੂੰ ਸਸਪੈਂਡ ਕੀਤਾ ਗਿਆ ਤਾਂ ਪਤਾ ਤਾਂ ਲਾਉਣਾ ਚਾਹੀਦਾ ਕਿ ਗੜਬੜੀ ਆਖਰ ਹੈ ਕੀ ਤੇ ਹੈ ਕਿੰਨੀ ਹੈ?

ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ

ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਗਿਆ ਸੀ ਮਾਮਲਾ, ਕੋਈ ਹੱਲ ਨਹੀਂ ਨਿਕਲਿਆ
ਲੇਡੀਜ਼ ਜਿਮਖਾਨਾ ਕਲੱਬ ਦਾ ਮਾਮਲਾ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ’ਚ ਵੀ ਗਿਆ ਸੀ। ਉਦੋਂ ਲੇਡੀਜ਼ ਜਿਮਖਾਨਾ ਕਲੱਬ ਦੀ ਲੱਗਭਗ 3 ਦਰਜਨ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸਤਾਰ ਨਾਲ ਇਕ ਪੱਤਰ ਲਿਖ ਕੇ ਲਿਖ ਕੇ ਕਲੱਬ ਪ੍ਰਧਾਨ ਅਤੇ ਜਲੰਧਰ ਦੀ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੀ ਸ਼ਿਕਾਇਤ ਲਾਈ ਸੀ। ਇਸ ਪੱਤਰ ’ਤੇ ਲੇਡੀਜ਼ ਜਿਮਖਾਨਾ ਦੀ ਚੁਣੀ ਗਈ ਸੈਕਟਰੀ ਸੁਰੂਚੀ ਕੱਕੜ ਤੋਂ ਇਲਾਵਾ ਕਈ ਹੋਰ ਚੁਣੇ ਗਏ ਅਧਿਕਾਰੀਆਂ ਦੇ ਹਸਤਾਖਰ ਸਨ।
ਪੱਤਰ ’ਚ ਮੁੱਖ ਮੰਤਰੀ ਨੂੰ ਦੱਸਿਆ ਗਿਆ ਸੀ ਕਿ ਲੇਡੀਜ਼ ਜਿਮਖਾਨਾ ਕਲੱਬ ਪਿਛਲੇ 55 ਸਾਲ ਤੋਂ ਐਕਟੀਵਿਟੀ ਤੇ ਐਂਟਰਟੇਨਮੈਂਟ ਦੇ ਨਾਲ-ਨਾਲ ਸੋਸ਼ਲ ਸਰਵਿਸਿਜ਼ ਦੇ ਖੇਤਰ ’ਚ ਕੰਮ ਕਰ ਰਿਹਾ ਹੈ, ਜਿਸ ’ਚ 680 ਔਰਤਾਂ ਮੈਂਬਰ ਹਨ। ਕਲੱਬ ਲੋਕਤੰਤਰੀ ਪ੍ਰਕਿਰਿਆ ਅਨੁਸਾਰ ਚੱਲਦਾ ਹੈ, ਜਿਸ ਨੂੰ ਕੋਈ ਸਰਕਾਰੀ ਗ੍ਰਾਂਟ ਪ੍ਰਾਪਤ ਨਹੀਂ ਹੁੰਦੀ ਤੇ ਸਾਰੇ ਖਰਚੇ ਆਦਿ ਮੈਂਬਰਾਂ ਵੱਲੋਂ ਮਿਲ ਕੇ ਕੀਤੇ ਜਾਂਦੇ ਹਨ। ਪੱਤਰ ’ਚ ਲਿਖਿਆ ਗਿਆ ਕਿ ਕਲੱਬ ਪਿਛਲੇ ਸਾਲ 16 ਨਵੰਬਰ ਤੱਕ ਹਰ ਹਫਤੇ ਆਪਣੀ ਐਕਟੀਵਿਟੀ ਕਰਦਾ ਸੀ ਤੇ ਹਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਪਰ ਅਚਾਨਕ ਗੁਰਪ੍ਰੀਤ ਕੌਰ ਸਪਰਾ ਨੇ ਕਲੱਬ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ।

ਇਸ ਐਲਾਨ ਨੂੰ ਕਈ ਮਹੀਨੇ ਹੋ ਚੁੱਕੇ ਹਨ ਪਰ ਕਲੱਬ ਦੀ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਕਲੱਬ ਪ੍ਰਧਾਨ ਕੋਲ ਜਾ ਕੇ ਕਈ ਵਾਰ ਗੁਹਾਰ ਲਾਈ ਗਈ ਪਰ ਉਨ੍ਹਾਂ ਨੇ ਇਕ ਨਹੀਂ ਸੁਣੀ, ਜਿਸ ਕਾਰਨ ਕਲੱਬ ਵੱਲੋਂ ਨਵਾਂ ਸਾਲ, ਲੋਹੜੀ, ਗਣਤੰਤਰ ਦਿਵਸ ਆਦਿ ਆਯੋਜਿਤ ਨਹੀਂ ਕੀਤਾ ਜਾ ਸਕੇ। ਇਸ ਤਰ੍ਹਾਂ ਕਲੱਬ ਨਾਲ ਜੁੜੀਆਂ ਔਰਤਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਪੱਤਰ ’ਚ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਸੀ ਕਿ ਉਹ ਇਕ ਟੀਮ ਗਠਿਤ ਕਰੇ, ਜੋ ਲੇਡੀਜ਼ ਜਿਮਖਾਨਾ ਕਲੱਬ ਦੀ ਏ. ਜੀ. ਐੱਮ. ਨੂੰ ਸੰਪੰਨ ਕਰੇ ਤੇ ਕਲੱਬ ਦੀ ਚੋਣ ਕਰਵਾਈ ਜਾਵੇ, ਜੋ ਦਸੰਬਰ 2023 ਤੋਂ ਡਿਊ ਹੈ। ਜ਼ਿਕਰਯੋਗ ਹੈ ਕਿ ਇਸ ਸਭ ਦੇ ਬਾਵਜੂਦ ਅੱਜ ਤੱਕ ਨਾ ਲੇਡੀਜ਼ ਜਿਮਖਾਨਾ ਦੀ ਚੋਣ ਹੋਈ ਹੈ, ਨਾ ਗੜਬੜੀ ਦੀ ਰਿਪੋਰਟ ਫਾਈਨਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਬੈਲੇਂਸ ਸ਼ੀਟ ਨੂੰ ਹੀ ਪਾਸ ਕੀਤਾ ਜਾ ਰਿਹਾ ਹੈ। ਸਭ ਕੁਝ ਦਰਮਿਆਨ ’ਚ ਲਟਕਿਆ ਹੋਇਆ ਹੈ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News