''ਸਿੰਘ ਸਾਹਿਬ ਦਿ ਗ੍ਰੇਟ'': ਫੁਰਤੀ ਦਿਖਾਉਂਦੇ ਹੋਏ ਸਿੱਖ ਬਜ਼ੁਰਗ ਨੇ ਬਚਾਈ ਡੁੱਬਦੀ ਹੋਈ ਕੁੜੀ ਦੀ ਜਾਨ (ਤਸਵੀਰਾਂ)

06/30/2016 12:14:14 PM

ਕੈਮਲੂਪਸ— ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਵਿਚ ਇਕ ਸਿੱਖ ਬਜ਼ੁਰਗ ਨੇ ਥੌਂਪਸਨ ਦਰਿਆ ''ਚ ਡੁੱਬ ਰਹੀ ਲੜਕੀ ਨੂੰ ਆਪਣੀ ਦਸਤਾਰ ਦੀ ਮਦਦ ਨਾਲ ਬਚਾ ਲਿਆ ਅਤੇ ਇਕ ਵਾਰ ਫਿਰ ਇਕ ਮਿਸਾਲ ਪੈਦਾ ਕਰ ਦਿੱਤੀ। ਜਾਣਕਾਰੀ ਮੁਤਾਬਕ ਅਵਤਾਰ ਹੋਠੀ ਅਤੇ ਉਸ ਦਾ ਬੇਟਾ ਪਾਲ ਹੋਠੀ ਹੈਫਲੇ ਕ੍ਰੀਕ ਵਿਖੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਥੌਂਪਸਨ ਦਰਿਆ ਵਿਚ ਇਕ ਲੜਕੀ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਪਾਲ ਨੇ ਦੱਸਿਆ ਕਿ ਜਦੋਂ ਉਹ ਤੇ ਬਾਕੀ ਲੋਕ ਸੋਚ ਰਹੇ ਸਨ ਕਿ ਲੜਕੀ ਨੂੰ ਬਚਾਉਣ ਲਈ ਤਰਕੀਬਾਂ ਸੋਚ ਰਹੇ ਸੀ ਤਾਂ ਇੰਨੇਂ ''ਚ ਉਸ ਦੇ 65 ਸਾਲਾ ਪਿਤਾ ਨੇ ਫੁਰਤੀ ਨਾਲ ਆਪਣੀ ਦਸਤਾਰ ਉਤਾਰ ਕੇ ਲੜਕੀ ਵੱਲ ਦਰਿਆ ਵਿਚ ਸੁੱਟ ਦਿੱਤੀ। ਲੜਕੀ ਨੇ ਦਸਤਾਰ ਦਾ ਇਕ ਸਿਰਾ ਫੜਿਆ ਅਤੇ ਅਵਤਾਰ ਹੋਠੀ ਨੇ ਉਸ ਨੂੰ ਬਾਹਰ ਖਿੱਚ ਲਿਆ ਅਤੇ ਇਸ ਤਰ੍ਹਾਂ ਉਸ ਦੀ ਜਾਨ ਬਚਾ ਲਈ। 
ਲੜਕੀ ਦੀ ਉਮਰ 14 ਤੋਂ 15 ਸਾਲਾਂ ਦੇ ਵਿਚ ਦੱਸੀ ਜਾ ਰਹੀ ਹੈ। ਉਹ ਦਰਿਆ ਵਿਚ ਕਿਸ ਤਰ੍ਹਾਂ ਡਿੱਗੀ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਦਰਿਆ ਦਾ ਪਾਣੀ ਇਨ੍ਹਾਂ ਦਿਨਾਂ ਵਿਚ ਸਾਲ ਵਿਚ ਸਭ ਤੋਂ ਠੰਡਾ ਹੁੰਦਾ ਹੈ। ਲੜਕੀ ਨੂੰ ਜਦੋਂ ਦਰਿਆ ਦੇ ਠੰਡੇ ਪਾਣੀ ''ਚੋਂ ਬਾਹਰ ਕੱਢਿਆ ਗਿਆ ਤਾਂ ਉਹ ਬਰਫ ਨਾਲ ਲਗਭਗ ਜੰਮ ਚੁੱਕੀ ਸੀ ਤੇ ਸਦਮੇ ਵਿਚ ਸੀ। ਅਵਤਾਰ ਅਤੇ ਉਸ ਦੇ ਬੇਟੇ ਪਾਲ ਨੇ ਤੁਰੰਤ ਉਸ ਨੂੰ ਕੰਬਲ ਵਿਚ ਲਪੇਟਿਆ। ਕੁਝ ਸਮੇਂ ਬਾਅਦ ਲੜਕੀ ਨੂੰ ਉਸ ਦੀ ਦਾਦੀ ਦੇ ਘਰ ਪਹੁੰਚਾਇਆ ਗਿਆ। 
ਪਾਲ ਹੋਠੀ ਨੇ ਦੱਸਿਆ ਕਿ ਉਸ ਦੇ ਪਿਤਾ ਇਕ ਸਿੱਖ ਹਨ ਅਤੇ ਆਪਣੀ ਦਸਤਾਰ ਕਦੇ ਨਹੀਂ ਉਤਾਰਦੇ ਅਤੇ ਅੱਜ ਉਨ੍ਹਾਂ ਨੇ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਦਸਤਾਰ ਉਤਾਰ ਕੇ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਹੈ। 

Kulvinder Mahi

News Editor

Related News