ਉੱਤਰੀ ਅਫਗਾਨਿਸਤਾਨ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 4 ਲੋਕਾਂ ਦੀ ਮੌਤ
Saturday, Feb 25, 2023 - 02:28 PM (IST)

ਫੈਜ਼ਾਬਾਦ/ਅਫਗਾਨਿਸਤਾਨ (ਵਾਰਤਾ)- ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਸੂਬੇ ਦੇ ਅਰਗੰਜਖਵਾ ਜ਼ਿਲ੍ਹੇ ਦੇ ਇਕ ਪਿੰਡ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਬਦਖਸ਼ਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਮੁਖੀ ਕਾਰੀ ਮਜੂਦੀਨ ਅਹਿਮਦੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਟਾਕ ਅਰਚਾ ਪਿੰਡ ਵਿੱਚ ਵਾਪਰੀ, ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀ ਇਕ ਘਟਨਾ ਪਿਛਲੇ ਹਫ਼ਤੇ ਸੂਬੇ ਦੇ ਕੋਫਾਬ ਜ਼ਿਲ੍ਹੇ ਵਿੱਚ ਵਾਪਰੀ ਸੀ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 30 ਘਰ ਤਬਾਹ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਪਹਾੜੀ ਬਦਖ਼ਸ਼ਾਨ ਸੂਬੇ ਵਿੱਚ ਜ਼ਮੀਨ ਖ਼ਿਸਕਣ ਕਾਰਨ 36 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਸੈਂਕੜੇ ਘਰ ਤਬਾਹ ਹੋ ਗਏ ਹਨ। ਅਫਗਾਨਿਸਤਾਨ 'ਚ ਪਿਛਲੇ ਮਹੀਨੇ ਭਾਰੀ ਬਰਫਬਾਰੀ, ਠੰਡੇ ਮੌਸਮ, ਹੜ੍ਹਾਂ ਅਤੇ ਬਰਫੀਲੇ ਤੂਫਾਨ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।