ਆਸਟ੍ਰੇਲੀਆਈ ਪ੍ਰਵਾਸੀ ਪੰਜਾਬੀਆਂ ਵਲੋਂ ਕਿਸਾਨੀ ਸੰਘਰਸ਼ ਦੀ ਹਿਮਾਇਤ

Saturday, Nov 28, 2020 - 11:49 AM (IST)

ਆਸਟ੍ਰੇਲੀਆਈ ਪ੍ਰਵਾਸੀ ਪੰਜਾਬੀਆਂ ਵਲੋਂ ਕਿਸਾਨੀ ਸੰਘਰਸ਼ ਦੀ ਹਿਮਾਇਤ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ  ਖੁਰਦ)- ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ਵਿਚ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ", "ਇੰਡੋਜ਼ ਟੀ. ਵੀ. ਆਸਟ੍ਰੇਲੀਆ" ਅਤੇ "ਮਾਝਾ ਯੂਥ ਕਲੱਬ ਬ੍ਰਿਸਬੇਨ" ਦੇ ਪ੍ਰਤੀਨਿਧਾਂ ਵੱਲੋਂ ਸਾਂਝੇ ਰੂਪ ਵਿੱਚ ਇਕੱਤਰਤਾ ਕੀਤੀ ਗਈ। ਜਿਸ ਵਿਚ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਮੇਂ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਭਾਰਤ ਦੀ ਸੰਘੀ ਸਰਕਾਰ ਦੇ ਮਾੜੇ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। 
ਸਭਾਵਾਂ ਦੇ ਨੁਮਾਇੰਦਿਆਂ ਨੇ ਇਕੋ ਮੰਚ ਤੋਂ ਕਿਸਾਨਾਂ ਦੇ ਤਿੱਖੇ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਲੋੜੀਂਦਾ ਹਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਹ ਸਮੂਹਿਕ ਤੌਰ ਉੱਤੇ ਕਿਸਾਨਾਂ ਦੇ ਸਘੰਰਸ਼ ਦੇ ਹੱਕ ਵਿਚ ਹਨ । ਉਨ੍ਹਾਂ ਨੇ ਵਿਦੇਸ਼ਾਂ ਵਿਚ ਵੱਸਦੇ ਸਮੂਹ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਪੰਜਾਬ ਦੀ ਹਰ ਮੁਸ਼ਕਲ ਵਿਚ ਦਿੱਤੇ ਸਿਆਸੀ ਅਤੇ ਗ਼ੈਰ ਸਿਆਸੀ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਸ ਜੱਦੋ-ਜਹਿਦ ਵਿਚ ਵੀ ਖੁੱਲ੍ਹਾ ਸਹਿਯੋਗ ਦੇਣਾ ਚਾਹੀਦਾ ਹੈ । 

ਇਸ ਵਿਚ ਲੇਖਕਾ ਹਰਜੀਤ ਸੰਧੂ ਨੇ ਕਵਿਤਾ ਰਾਹੀਂ ਕਿਸਾਨੀ ਸੰਘਰਸ਼ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ, ਗੀਤਕਾਰ ਸੁਰਜੀਤ ਸੰਧੂ, ਜਸਵਿੰਦਰ ਕੌਰ, ਹਰਮਨਦੀਪ ਗਿੱਲ ਨੇ ਵੀ ਆਪਣੇ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਕਿਸਾਨਾਂ ਨੂੰ ਹੱਲਾ-ਸ਼ੇਰੀ ਦਿੱਤੀ। ਮਾਝਾ ਯੂਥ ਕਲੱਬ ਤੋਂ ਮਨ ਖਹਿਰਾ ਨੇ ਕਿਹਾ ਕਿ ਪੰਜਾਬ ਨਾਲ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਹੀ ਆਈਆਂ ਨੇ । ਹਰ ਵਾਰ ਪੰਜਾਬ ਨੇ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਕ੍ਰਾਂਤੀਆਂ ਦਾ ਮੋਹਰੀ ਰਿਹਾ ਹੈ। ਅਣਖੀਲੇ ਪੰਜਾਬੀ ਮੁਸ਼ਕਲਾਂ ਦਾ ਹਮੇਸ਼ਾ ਡੱਟ ਕੇ ਮੁਕਾਬਲਾ ਕਰਦੇ ਆਏ ਹਨ। ਸਮੂਹ ਸਭਾਵਾਂ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਸਰਕਾਰ ਕਿਸਾਨਾਂ ਦਾ ਸ਼ਾਂਤਮਈ ਮੁਜ਼ਾਰਿਆਂ ਦਾ ਸੰਵਿਧਾਨਿਕ ਹੱਕ ਨਹੀਂ ਖੋਹ ਸਕਦੀ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾ ਸਾਰਥਕ ਹੱਲ ਜ਼ਰੂਰ ਕੱਢੇਗੀ।


author

Lalita Mam

Content Editor

Related News