ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਆਸਟ੍ਰੇਲੀਆਈ ਸਰਕਾਰ ਨੇ ਇਕਾਂਤਵਾਸ ਨਿਯਮਾਂ ''ਚ ਕੀਤਾ ਬਦਲਾਅ
Saturday, Jan 15, 2022 - 05:24 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਵਿਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਕੇਸ ਆ ਰਹੇ ਹਨ, ਜਿਸ ਕਾਰਨ ਦੇਸ਼ ਭਰ ਵਿਚ ਕਾਮਿਆਂ ਦੀ ਘਾਟ ਪਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਰਾਸ਼ਟਰੀ ਮੰਤਰੀ ਮੰਡਲ ਨੇ ਕੋਰੋਨਾ ਵਾਇਰਸ ਕਾਰਨ ਵੱਖ-ਵੱਖ ਖੇਤਰਾਂ ਵਿਚ ਕਰਮਚਾਰੀਆਂ ਦੀ ਘਾਟ ਦੀ ਪੂਰਤੀ ਲਈ ਟੀਕਾਕਰਨ ਦੀ ਪੂਰੀ ਖ਼ੁਰਾਕ ਲੈਣ ਵਾਲਿਆਂ ਨੂੰ ਇਕਾਂਤਵਾਸ ਦੇ ਸਖ਼ਤ ਨਿਯਮਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਕੰਮ ਕਰਨ ਦੀ ਛੋਟ ਦੇਣ ਲਈ ਕਈ ਬਦਲਾਅ ਕੀਤੇ ਹਨ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 40 ਘੰਟੇ ਪ੍ਰਤੀ ਪੰਦਰਵਾੜੇ ਕੰਮ ਕਰਨ ਦੀ ਰੋਕ ਹਟਾ ਲਈ ਗਈ ਹੈ। ਸ਼੍ਰੀ ਮੌਰੀਸਨ ਨੇ ਇਹ ਵੀ ਕਿਹਾ ਕਿ ਪ੍ਰਚੂਨ ਅਤੇ ਜ਼ਰੂਰੀ ਮਾਲ ਦੀ ਪੂਰਤੀ ਲਈ ਢੋਆ-ਢੁਆਈ 'ਤੇ ਤੀਬਰ ਦਬਾਅ ਨੂੰ ਘਟਾਉਣ ਲਈ ਸਾਰੇ ਆਵਾਜਾਈ ਅਤੇ ਹੋਰ ਪ੍ਰਭਾਵਿਤ ਖੇਤਰਾਂ ਦੇ ਕਰਮਚਾਰੀਆਂ ਲਈ ਨਜ਼ਦੀਕੀ ਸੰਪਰਕ ਨਿਯਮਾਂ ਨੂੰ ਹੋਰ ਸੌਖਾ ਕੀਤਾ ਜਾਵੇਗਾ।
ਤਬਦੀਲੀਆਂ ਦਾ ਮਤਲਬ ਹੋਵੇਗਾ ਕਿ ਇਨ੍ਹਾਂ ਖੇਤਰਾਂ ਵਿਚ ਕਾਮਿਆਂ ਨੂੰ ਵਾਇਰਸ ਨਾਲ ਪਾਜ਼ੇਟਿਵ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਹੋਣ 'ਤੇ ਇਕ ਨੈਗੇਟਿਵ ਰੈਪਿਡ ਐਂਟੀਜੇਨ ਟੈਸਟ ਪ੍ਰਦਾਨ ਕਰਨ ਉਪਰੰਤ ਬਿਨਾਂ ਇਕਾਂਤਵਾਸ ਕੀਤੇ ਤੁਰੰਤ ਕੰਮ 'ਤੇ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਫ਼ੈਸਲੇ ਦਾ ਵੱਖ-ਵੱਖ ਖੇਤਰਾਂ ਦੇ ਕਾਰੋਬਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ ਹੈ।