ਡੇਟਿੰਗ ਐਪ ਜ਼ਰੀਏ ਮਿਲੀ ਆਸਟ੍ਰੇਲੀਅਨ ਲੜਕੀ ਨੇ ਭਾਰਤੀ ਵਿਦਿਆਰਥੀ ਦਾ ਕੀਤਾ ਸੀ ਕਤਲ, ਦੋਸ਼ ਤੈਅ

Monday, Jul 30, 2018 - 06:01 PM (IST)

ਮੈਲਬੌਰਨ— ਬੀਤੇ ਹਫਤੇ ਆਸਟ੍ਰੇਲੀਆ 'ਚ 25 ਸਾਲਾ ਭਾਰਤੀ ਵਿਦਿਆਰਥੀ ਦੀ ਇਕ ਆਸਟ੍ਰੇਲੀਅਨ ਕੁੜੀ ਨੇ ਹੱਤਿਆ ਕਰ ਦਿੱਤੀ ਸੀ। ਭਾਰਤੀ ਵਿਦਿਆਰਥੀ ਮੌਲਿਨ ਰਾਠੌੜ ਦੀ ਹੱਤਿਆ ਕਰਨ ਵਾਲੀ ਕੁੜੀ ਦੀ ਪਛਾਣ 18 ਸਾਲਾ ਜੈਮੀ ਲੀ ਹਾਲਡੇਗਈ ਦੇ ਤੌਰ 'ਤੇ ਹੋਈ ਹੈ, ਜਿਸ 'ਤੇ ਹੱਤਿਆ ਦੇ ਦੋਸ਼ ਸਾਬਤ ਹੋਏ ਹਨ। ਮੌਲਿਨ ਅਤੇ ਜੈਮੀ ਇਕ ਡੇਟਿੰਗ ਐਪ ਜ਼ਰੀਏ ਮਿਲੇ ਸਨ। ਮੌਲਿਨ ਮੈਲਬੌਰਨ ਦੇ ਸਨਬਰੀ ਉੱਪ ਨਗਰ ਵਿਚ ਲੜਕੀ ਜੈਮੀ ਦੇ ਘਰ ਉਸ ਨੂੰ ਮਿਲਣ ਗਿਆ ਸੀ, ਜਿੱਥੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਸੀ। ਜੈਮੀ ਘਰ 'ਚ ਇਕੱਲੀ ਰਹਿੰਦੀ ਸੀ। ਗੰਭੀਰ ਸੱਟਾਂ ਲੱਗਣ ਕਾਰਨ ਮੌਲਿਨ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਪਰ ਉਸ ਨੇ ਦਮ ਤੋੜ ਦਿੱਤਾ। ਮੌਲਿਨ 4 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਆਪਣੀ ਪੜ੍ਹਾਈ ਦੇ ਸਿਲਸਿਲੇ ਵਿਚ ਆਸਟ੍ਰੇਲੀਆ ਆਇਆ ਸੀ। 
ਜੈਮੀ ਨੂੰ ਮੈਲਬੌਰਨ ਪੁਲਸ ਨੇ ਇਸ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਅਤੇ ਜੇਲ ਤੋਂ ਵੀਡੀਓ ਲਿੰਕ ਜ਼ਰੀਏ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਸੁਣਵਾਈ ਦੌਰਾਨ ਉਹ ਜੱਜ ਦੇ ਸਾਹਮਣੇ ਇਕ ਵੀ ਸ਼ਬਦ ਨਹੀਂ ਬੋਲ ਸਕੀ। ਕੋਰਟ ਨੇ ਜੈਮੀ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਤੈਅ ਕੀਤੀ ਹੈ। ਜੈਮੀ 'ਤੇ ਹੱਤਿਆ ਤੋਂ ਇਲਾਵਾ ਹੱਤਿਆ ਦੀ ਕੋਸ਼ਿਸ਼ ਅਤੇ ਗੰਭੀਰ ਸੱਟਾਂ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਦੇ ਦੋਸ਼ ਵੀ ਤੈਅ ਕੀਤੇ ਗਏ ਹਨ। ਇਸ ਘਟਨਾ ਮਗਰੋਂ ਭਾਰਤੀ ਦੂਤਘਰ ਮੌਲਿਨ ਦੇ ਭਾਰਤ ਵਿਚ ਰਹਿ ਰਹੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਆਸਟ੍ਰੇਲੀਆ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿਚ ਹਨ। ਭਾਰਤੀ ਦੂਤਘਰ ਮੁਤਾਬਕ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ 'ਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਹੀ ਮੌਲਿਨ ਦੀ ਲਾਸ਼ ਨੂੰ ਭਾਰਤ ਭੇਜਿਆ ਜਾਵੇਗਾ।


Related News