ਆਸਟ੍ਰੇਲੀਆ ਫੈਡਰਲ ਚੋਣਾਂ 2019 : ਜਿੱਤ ਨੇੜੇ ਲਿਬਰਲ, ਜਸ਼ਨ ਦਾ ਮਾਹੌਲ
Saturday, May 18, 2019 - 11:23 PM (IST)

ਮੈਲਬੋਰਨ (ਮਨਦੀਪ ਸੈਣੀ)- ਅੱਜ ਸੰਪੰਨ ਹੋਈਆਂ ਫੈਡਰਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਦੇ ਨਤੀਜਿਆਂ ਮੁਤਾਬਕ ਸੱਤਾਧਾਰੀ ਪਾਰਟੀ ਲਿਬਰਲ ਅਤੇ ਲੇਬਰ ਪਾਰਟੀ ਵਿਚਕਾਰ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਲਿਬਰਲ ਪਾਰਟੀ ਵਰਕਰਾਂ ਵਲੋਂ ਜਸ਼ਨ ਮਨਾਏ ਜਾ ਰਹੇ ਹਨ ਕਿਉਂਕਿ ਸੱਤਾਧਾਰੀ ਪਾਰਟੀ ਲਿਬਰਲ ਜਿੱਤ ਤੋਂ ਬੱਸ ਕੁਝ ਹੀ ਦੂਰੀ 'ਤੇ ਹੈ। ਲਿਬਰਲ ਪਾਰਟੀ 74 ਸੀਟਾਂ ਨਾਲ ਅਤੇ ਲੇਬਰ ਪਾਰਟੀ 63 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਆਜ਼ਾਦ ਅਤੇ ਹੋਰ ਉਮੀਦਵਾਰਾਂ ਦੀ ਝੋਲੀ ਪੰਜ ਸੀਟਾਂ ਹਨ। ਬਹੁਮਤ ਸਾਬਤ ਕਰਨ ਲਈ 76 ਸੀਟਾਂ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਦੇਸ਼ ਦਾ ਪ੍ਰਧਾਨ ਮੰਤਰੀ (ਪੀ. ਐੱਮ.) ਚੁਣਨ ਲਈ ਸ਼ਨੀਵਾਰ ਨੂੰ 151 ਸੀਟਾਂ 'ਤੇ ਵੋਟਿੰਗ ਹੋਈ ਅਤੇ ਇਸ ਦੇ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਲਿਬਰਲ-ਨੈਸ਼ਨਲ ਗਠਜੋੜ ਅਤੇ ਬਿੱਲ ਸ਼ੌਰਟਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਵਿਚਕਾਰ ਸਖਤ ਮੁਕਾਬਲਾ ਹੈ। ਤੀਜੀ ਧਿਰ ਗ੍ਰੀਨ ਪਾਰਟੀ ਵੀ ਮੈਦਾਨ 'ਚ ਹੈ। ਜਲਦ ਹੀ ਸਪੱਸ਼ਟ ਹੋ ਜਾਵੇਗਾ ਕਿ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ।