ਆਸਟ੍ਰੇਲੀਆ ਫੈਡਰਲ ਚੋਣਾਂ: PM ਸਕਾਟ ਮੌਰੀਸਨ ਨੇ ਆਪਣੀ ਪਤਨੀ ਨਾਲ ਪਾਈ ਵੋਟ

05/21/2022 11:08:59 AM

ਐਡੀਲੇਡ (ਗੁਰਪ੍ਰੀਤ ਸਿੰਘ ਨਿਆਮੀਆਂ)- ਆਸਟ੍ਰੇਲੀਆ ਵਿਖੇ ਲੋਕ ਸਭਾ ਅਤੇ ਸੈਨੇਟਰ ਹਾਊਸ ਦੀਆਂ ਵੋਟਾਂ ਲਈ ਅਮਲ ਜ਼ੋਰ ਸ਼ੋਰ ਨਾਲ ਜਾਰੀ ਹੈ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਉਨ੍ਹਾਂ ਦੀ ਪਤਨੀ ਨੇ ਸਿਡਨੀ ਵਿਖੇ ਆਪਣੀ ਵੋਟ ਪਾਈ। ਉਨ੍ਹਾਂ ਦੇ ਵਿਰੋਧੀ ਅਤੇ ਲੇਬਰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਐਂਥਨੀ ਅਲਬਾਨੀਜ਼ ਨੇ ਵੀ ਸਿਡਨੀ ਵਿਖੇ ਹੀ ਆਪਣੀ ਵੋਟ ਪਾਈ। ਦੋਵਾਂ ਨੇਤਾਵਾਂ ਨੇ ਆਪੋ ਆਪਣੀਆਂ ਵੋਟਾਂ ਪਾਉਣ ਤੋਂ ਬਾਅਦ ਮੀਡੀਆ ਅੱਗੇ ਇਹ ਦਾਅਵੇ ਕੀਤੇ ਕਿ ਜੇਕਰ ਉਨ੍ਹਾਂ ਨੂੰ ਇਸ ਵਾਰ ਆਸਟ੍ਰੇਲੀਆ ਦੇ ਲੋਕ ਮੌਕਾ ਦੇਣਗੇ ਤਾਂ ਉਹ ਦੇਸ਼ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਸਕਾਟ ਮੌਰੀਸਨ ਅਤੇ ਐਂਥਨੀ ਅਲਬਾਨੀਜ਼ ਵਿਚਾਲੇ ਸਖ਼ਤ ਮੁਕਾਬਲਾ

PunjabKesari

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਅਗਵਾਈ ਬੜੇ ਸੰਕਟਮਈ ਕੋਰੋਨਾ ਦੇ ਸਮੇਂ ਵਿਚ ਇਸ ਤਰੀਕੇ ਨਾਲ ਕੀਤੀ ਹੈ ਕਿ ਦੇਸ਼ ਨੂੰ ਕੋਈ ਵੀ ਆਂਚ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਬੇਰੁਜ਼ਗਾਰੀ ਦੀ ਦਰ ਰਿਕਾਰਡ ਚਾਰ ਫ਼ੀਸਦੀ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਕਿਸੇ ਵੀ ਵਿਅਕਤੀ ਦੀ ਨੌਕਰੀ ਨਹੀਂ ਜਾਣ ਦਿੱਤੀ ਅਤੇ ਕਰਮਚਾਰੀਆਂ ਨੂੰ ਘਰ ਬੈਠੇ ਹੀ ਭੱਤੇ ਮੁਹੱਈਆ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਹੁਣ ਤੀਜੀ ਵਾਰ ਫੇਰ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਲੋਕ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦਿੰਦੇ ਹਨ ਤਾਂ ਉਹ ਦੇਸ਼ ਨੂੰ ਹੋਰ ਵੀ ਬੁਲੰਦੀਆਂ 'ਤੇ ਲੈ ਕੇ ਜਾਣਗੇ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਥਾਪਤ ਪਾਰਟੀਆਂ ਨੂੰ ਹੀ ਵੋਟ ਕਰਨ ਅਤੇ ਆਜ਼ਾਦ ਉਮੀਦਵਾਰਾਂ ਨੂੰ ਦਰਕਿਨਾਰ ਕਰਨ। ਉਨ੍ਹਾਂ ਇਸ ਪਿੱਛੇ ਤਰਕ ਦਿੰਦਿਆਂ ਕਿਹਾ ਕਿ ਜੋ ਆਜ਼ਾਦ ੳੁਮੀਦਵਾਰ ਖਡ਼੍ਹੇ ਹਨ, ਉਹ ਜਦੋਂ ਬਿੱਲ ਪਾਸ ਕਰਨੇ ਹੁੰਦੇ ਹਨ ਤਾਂ ਉਹ ਆਪਣੇ ਨਿੱਜੀ ਮੁਫ਼ਾਦਾਂ ਕਰਕੇ ਬਹੁਤ ਅੜਿੱਕੇ ਲਾਉਂਦੇ ਹਨ ਜਿਸ ਕਰਕੇ ਦੇਸ਼ ਕਾਫੀ ਪਿੱਛੇ ਚਲਾ ਜਾਂਦਾ ਹੈ।

ਇਹ ਵੀ ਪੜ੍ਹੋ: ਕਾਂਗੋ 'ਚ ਮੰਕੀਪਾਕਸ ਨਾਲ 58 ਲੋਕਾਂ ਦੀ ਮੌਤ ਕਾਰਨ ਮਚਿਆ ਹੰਗਾਮਾ, WHO ਨੇ ਸੱਦੀ ਮੀਟਿੰਗ

ਦੂਜੇ ਪਾਸੇ ਲੇਬਰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਦੇਸ਼ ਦੇ ਭਲੇ ਲਈ ਕੋਈ ਚੰਗੇ ਕੰਮ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸਿਹਤ ਅਤੇ ਸਿੱਖਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਜੇਕਰ ਉਨ੍ਹਾਂ ਨੂੰ ਇਸ ਵਾਰ ਦੇਸ਼ ਦੇ ਲੋਕ ਮੌਕਾ ਦਿੰਦੇ ਹਨ ਤਾਂ ਉਹ ਸਿੱਖਿਆ ਅਤੇ ਸਿਹਤ ਨੂੰ ਆਪਣੀ ਪਹਿਲ ਦੇ ਉੱਤੇ ਰੱਖਣਗੇ। ਇਨ੍ਹਾਂ ਦੋਵੇਂ ਵੱਡੇ ਨੇਤਾਵਾਂ ਦੇ ਨਾਲ ਇਨ੍ਹਾਂ ਦੀਆਂ ਪਤਨੀਆਂ ਨੇ ਵੀ ਆਪੋ ਆਪਣੀ ਵੋਟ ਪਾਈ। ਇਸ ਵੇਲੇ ਪੂਰੇ ਆਸਟ੍ਰੇਲੀਆ ਵਿੱਚ ਵੋਟਾਂ ਲਈ ਪੂਰੀ ਚਹਿਲ ਪਹਿਲ ਹੈ। ਹਰ ਇਕ ਪੋਲਿੰਗ ਬੂਥ ਦੇ ਬਾਹਰ ਭਾਰਤ ਦੀ ਤਰ੍ਹਾਂ ਵੋਟਰਾਂ ਦੇ ਖਾਣ ਪੀਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਅਤੇ ਹਰ ਇਕ ਵੋਟਰ ਨੂੰ ਬੜੀ ਖੁਸ਼ਾਮਦ ਨਾਲ ਮਿਲਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਚੋਣਾਂ ਵਿੱਚ ਕੇਵਲ ਇਹੋ ਫ਼ਰਕ ਹੈ ਕਿ ਭਾਰਤ ਵਿਚ ਬਹੁਤ ਜ਼ਿਆਦਾ ਖ਼ਰਚ ਕੀਤਾ ਜਾਂਦਾ ਹੈ, ਜਦਕਿ ਆਸਟ੍ਰੇਲੀਆ ਵਿਚ ਉਮੀਦਵਾਰ ਖ਼ੁਦ ਆਪਣੇ ਬੂਥ 'ਤੇ ਖਡ਼੍ਹੇ ਹੋ ਕੇ ਲੋਕਾਂ ਦੀ ਆਓ ਭਗਤ ਕਰਦਾ ਹੈ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News