ਬ੍ਰਿਟਿਸ਼-ਆਸਟ੍ਰੇਲੀਅਨ ਬਲਾਗਰ ਜੋੜੇ ਨੂੰ ਈਰਾਨ ਨੇ ਕੀਤਾ ਰਿਹਾਅ
Saturday, Oct 05, 2019 - 02:36 PM (IST)

ਮੈਲਬੌਰਨ— ਬ੍ਰਿਟਿਸ਼-ਆਸਟ੍ਰੇਲੀਅਨ ਬਲਾਗਰ ਔਰਤ ਜੌਲੀ ਕਿੰਗ ਅਤੇ ਉਸ ਦੇ ਪ੍ਰੇਮੀ ਮਾਰਕ ਫਿਰਕਿਨ ਨੂੰ ਈਰਾਨ ਦੀ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਇਸ ਜੋੜੇ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਾਪਸ ਆਉਣ 'ਤੇ ਬਹੁਤ ਖੁਸ਼ ਹਨ ਤੇ ਰਾਹਤ ਮਹਿਸੂਸ ਕਰ ਰਹੇ ਹਨ।
ਸ਼ਨੀਵਾਰ ਨੂੰ ਆਸਟ੍ਰੇਲੀਅਨ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਰਿਸ ਪਾਇਨੇ ਨੇ ਕਿਹਾ,''ਮੈਂ ਇਹ ਐਲਾਨ ਕਰਦੇ ਹੋਏ ਕਾਫੀ ਰਾਹਤ ਮਹਿਸੂਸ ਕਰ ਰਹੀ ਹਾਂ ਕਿ ਕਿੰਗ ਤੇ ਫਿਰਕਿਨ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤੇ ਉਹ ਵਾਪਸ ਆ ਰਹੇ ਹਨ।
ਪਾਇਨੇ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਨੇ ਕਾਫੀ ਗੰਭੀਰਤਾ ਨਾਲ ਇਸ ਮੁੱਦੇ 'ਤੇ ਈਰਾਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੋਹਾਂ 'ਤੇ ਲੱਗੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼-ਆਸਟ੍ਰੇਲੀਅਨ ਅਕੈਡੇਮਿਕ ਕਾਇਲੇ ਮੂਰੇ ਗਿਲਬਰਟ ਅਜੇ ਵੀ ਈਰਾਨ ਦੀ ਕੈਦ 'ਚ ਹੀ ਹੈ, ਕਿਉਂਕਿ ਇਕ ਸਾਲ ਪਹਿਲਾਂ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜ਼ਿਕਰਯੋਗ ਹੈ ਕਿ ਡਾਕਟਰ ਮੂਰੇ-ਗਿਲਬਰਟ ਮੈਲਬੌਰਨ ਯੂਨੀਵਰਸਿਟੀ 'ਚ ਇਸਲਾਮਕ ਸਿੱਖਿਆ ਦੀ ਲੈਕਚਰਾਰ ਰਹੀ ਹੈ। ਪਾਇਨੇ ਨੇ ਦੱਸਿਆ ਕਿ ਉਨ੍ਹਾਂ ਦਾ ਕੇਸ ਕਾਫੀ ਉਲਝਿਆ ਹੋਇਆ ਹੈ ਪਰ ਫਿਰ ਵੀ ਅਸੀਂ ਈਰਾਨ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਾਂ ਕਿ ਉਸ ਦੀ ਵੀ ਰਿਹਾਈ ਹੋ ਸਕੇ। ਜ਼ਿਕਰਯੋਗ ਹੈ ਕਿ ਕਿੰਗ ਤੇ ਫਿਰਕਿਨ ਨੇ 2007 'ਚ ਪਰਥ 'ਚ ਆਪਣਾ ਘਰ ਛੱਡ ਕੇ ਕਈ ਦੇਸ਼ਾਂ 'ਚ ਘੁੰਮ ਕੇ ਡਾਕੂਮੈਂਟਰੀ ਬਲਾਗ ਲਿਖਣੇ ਸ਼ੁਰੂ ਕੀਤੇ ਸਨ।
ਈਰਾਨ ਦਾ ਦੋਸ਼ ਸੀ ਕਿ ਉਨ੍ਹਾਂ ਨੇ ਬਿਨਾਂ ਇਜਾਜ਼ਤ ਦੇ ਉਨ੍ਹਾਂ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਡਰੋਨ ਉਡਾਇਆ ਸੀ। ਉਸ ਕਾਰਨ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।