ਹੁਣ ਮਹਿੰਗਾ ਪਵੇਗਾ ਆਸਟ੍ਰੇਲੀਆ ਦੇ ਇਸ ਸੂਬੇ ''ਚ ਜਾਣਾ, ਰੋਜ਼ ਢਿੱਲੀ ਕਰਨੀ ਪਵੇਗੀ ਜੇਬ

Sunday, Jun 21, 2020 - 09:00 AM (IST)

ਹੁਣ ਮਹਿੰਗਾ ਪਵੇਗਾ ਆਸਟ੍ਰੇਲੀਆ ਦੇ ਇਸ ਸੂਬੇ ''ਚ ਜਾਣਾ, ਰੋਜ਼ ਢਿੱਲੀ ਕਰਨੀ ਪਵੇਗੀ ਜੇਬ

ਬਿ੍ਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਲਈ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ 14 ਦਿਨਾਂ ਤੱਕ ਇਕਾਂਤਵਾਸ ਰੱਖੇਗਾ ਤੇ ਇਸ ਲਈ ਹੋਟਲ ਦਾ ਖਰਚਾ ਯਾਤਰੀ ਨੂੰ ਆਪ ਹੀ ਚੁੱਕਣਾ ਪਵੇਗਾ। 1 ਜੁਲਾਈ ਤੋਂ ਹਰ ਵਿਦੇਸ਼ੀ ਯਾਤਰੀ ਨੂੰ 200 ਡਾਲਰ ਪ੍ਰਤੀ ਦਿਨ ਭੁਗਤਾਨ ਕਰਨਾ ਪਵੇਗਾ, ਜਦੋਂ ਕਿ ਸੂਬਾ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸਰਕਾਰ ਨੇ ਇਸ ਤਰ੍ਹਾਂ ਦਾ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ।

ਪਿਛਲੇ ਮਹੀਨੇ ਇਸ ਯੋਜਨਾ 'ਤੇ ਰਾਸ਼ਟਰੀ ਕੈਬਨਿਟ ਦੇ ਦਸਤਖਤ ਹੋਣ ਤੋਂ ਬਾਅਦ ਕੁਈਨਜ਼ਲੈਂਡ ਰਕਮ ਵਸੂਲਣ ਵਾਲਾ ਆਸਟ੍ਰੇਲੀਆ ਦਾ ਪਹਿਲਾ ਸੂਬਾ ਹੋਵੇਗਾ। 1 ਜੁਲਾਈ ਤੋਂ, ਨਿੱਜੀ ਯਾਤਰੀਆਂ ਨੂੰ ਲਗਭਗ 2800 ਡਾਲਰ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਜਦੋਂ ਕਿ ਜੋੜਿਆਂ ਨੂੰ 3700 ਡਾਲਰ ਤੱਕ ਦੀ ਅਦਾਇਗੀ ਕਰਨੀ ਪਵੇਗੀ। ਚਾਰ ਵਿਅਕਤੀਆਂ ਦੇ ਪਰਿਵਾਰ ਨੂੰ 4,620 ਡਾਲਰ ਤੱਕ ਦਾ ਭੁਗਤਾਨ ਕਰਨਾ ਪਵੇਗਾ। ਸੂਬਾ ਸਰਕਾਰ ਨੇ ਕਿਹਾ ਕਿ ਇਹ ਉਪਾਅ ਕੋਵਿਡ -19 ਦੀ ਰੋਕਥਾਮ ਦੇ ਸਰਕਾਰ 'ਤੇ ਪਏ ਵਿੱਤੀ ਬੋਝ ਨੂੰ ਘਟਾਉਣ ਲਈ ਸ਼ੁਰੂ ਕੀਤਾ ਹੈ।

ਸੂਬਾ ਸਰਕਾਰ ਟੈਕਸ ਦੇਣ ਵਾਲਿਆਂ 'ਤੇ ਹੋਰ ਜ਼ਿਆਦਾ ਬੋਝ ਨਹੀਂ ਪਾ ਸਕਦੀ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਹੋਟਲਾਂ 'ਚ ਇਕਾਂਤਵਾਸ ਸਹੂਲਤ 'ਤੇ 19 ਮਿਲੀਅਨ ਡਾਲਰ ਦੀ ਲਾਗਤ ਆਈ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਇਹ ਅੰਕੜਾ 24 ਮਿਲੀਅਨ ਡਾਲਰ ਨੂੰ ਪਾਰ ਕਰ ਜਾਵੇਗਾ। ਸਰਕਾਰ ਹੋਟਲ, ਆਵਾਜਾਈ, ਲੌਜਿਸਟਿਕਸ, ਸੁਰੱਖਿਆ ਆਦਿ ਦੇ ਖਰਚਿਆਂ ਲਈ ਫੰਡ ਜਾਰੀ ਰੱਖੇਗੀ, ਜਿਨ੍ਹਾਂ ਨੂੰ ਵਿਅਕਤੀਆਂ ਵਲੋਂ ਅਦਾ ਕੀਤੇ ਜਾਣ ਵਾਲੇ ਖਰਚਿਆਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ ਅਤੇ ਵਿਦੇਸ਼ਾਂ ਤੋਂ ਕੁਈਨਜ਼ਲੈਂਡ ਨੂੰ ਆਉਣ ਵਾਲੇ ਲੋਕਾਂ ਨੂੰ ਵਿੱਤੀ ਤੌਰ 'ਤੇ ਪ੍ਰਭਾਵਿਤ ਕਰਨਗੀਆਂ। 

ਨਾਰਦਨ ਟੈਰੇਟਿਰੀ ਪ੍ਰਦੇਸ਼ ਵਲੋਂ ਲੋਕਾਂ ਨੂੰ ਆਪਣੀ ਸਹੂਲਤ ਮੁਤਾਬਕ ਆਪਣੇ ਘਰਾਂ ਜਾਂ ਹੋਟਲਾਂ ਵਿਚ ਰਹਿਣ ਦੀ ਆਗਿਆ ਦਿੱਤੀ ਗਈ ਹੈ। ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਦੇ ਮੌਜੂਦਾ ਖਤਰੇ ਨੂੰ ਬਹੁਤ ਜ਼ਿਆਦਾ ਗੰਭੀਰ ਮੰਨਿਆ ਹੈ। ਸਰਕਾਰ ਅਨੁਸਾਰ, “ਕੋਵਿਡ -19 ਨੂੰ ਰੋਕਣ ਲਈ ਹੋਟਲ ਇਕਾਂਤਵਾਸ ਇਕ ਮਹੱਤਵਪੂਰਨ ਉਪਾਅ ਹੈ ਪਰ ਇਹ ਲੋਕਾਂ ਲਈ ਬਹੁਤ ਹੀ ਮਹਿੰਗਾ ਉਪਾਅ ਹੋਵੇਗਾ। ਰਾਸ਼ਟਰੀ ਮੰਤਰੀ ਮੰਡਲ ਨੇ ਸੂਬਾ ਅਤੇ ਪ੍ਰਦੇਸ਼ਾਂ ਨੂੰ ਕੌਮਾਂਤਰੀ ਯਾਤਰਾ ਤੋਂ ਆਉਣ ਵਾਲਿਆਂ ਤੋਂ ਇਕਾਂਤਵਾਸ ਲਈ ਚਾਰਜ ਲੈਣ ਦੀ ਆਗਿਆ ਦੇ ਦਿੱਤੀ ਹੈ। ਜਿਹੜਾ ਵਿਅਕਤੀ ਇੱਕ ਜੁਲਾਈ ਤੋਂ ਪਹਿਲਾਂ ਕੁਈਨਜ਼ਲੈਂਡ ਆਉਂਦਾ ਹੈ, ਉਸ ਨੂੰ ਇਹ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ ।
 


author

Lalita Mam

Content Editor

Related News