5 ਮੰਤਰੀਆਂ ਨੇ ਛੱਡੀ ਪਾਰਟੀ ਪਰ ਆਸਟ੍ਰੇਲੀਅਨ ਪੀ. ਐੱਮ. ਬੇਪਰਵਾਹ
Tuesday, Mar 05, 2019 - 02:11 PM (IST)

ਸਿਡਨੀ, (ਏਜੰਸੀ)— ਆਸਟ੍ਰੇਲੀਆ ਦੀ ਸਿਆਸਤ ਇਸ ਸਮੇਂ ਕਾਫੀ ਗਰਮਾਈ ਹੋਈ ਹੈ ਕਿਉਂਕਿ ਸਕੌਟ ਮੌਰੀਸਨ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਲਿਬਰਲ ਪਾਰਟੀ ਦੇ 5 ਖਾਸ ਮੰਤਰੀਆਂ ਨੇ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰ ਦਿੱਤੀ ਹੈ। ਚੋਣਾਂ ਨੇੜੇ ਹਨ ਅਤੇ ਕਈ ਨੇਤਾ ਪਾਰਟੀ ਤੋਂ ਦੂਰ ਹੋ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਪੀ. ਐੱਮ. ਸਕੌਟ ਮੌਰੀਸਨ ਬੇਪਰਵਾਹ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਹੁਤ ਮਜ਼ਬੂਤ ਹੈ।
ਜ਼ਿਕਰਯੋਗ ਹੈ ਕਿ ਜੂਲੀ ਬਿਸ਼ਪ, ਸਟੀਵ ਕਿਓਬੋ, ਕ੍ਰਿਸਟੋਫਰ ਪਿਅਨੇ, ਕੈਲੀ ਓ ਡਾਇਰ, ਨਾਇਗਲ ਸਕੁਲੀਅਨ ਅਤੇ ਮਿਸ਼ੇਲ ਕੀਨਾਨ ਨੇ ਹਾਲ ਹੀ 'ਚ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਦੀ ਲੋਕਾਂ 'ਚ ਕਾਫੀ ਪਛਾਣ ਰਹੀ ਹੈ। ਹੁਣ ਇਨ੍ਹਾਂ ਦੇ ਪਾਰਟੀ ਛੱਡਣ ਮਗਰੋਂ ਕਿਹਾ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਨੂੰ ਚੋਣਾਂ 'ਚ ਧੱਕਾ ਲੱਗੇਗਾ। ਇਸ ਦੇ ਬਾਵਜੂਦ ਪੀ. ਐੱਮ. ਨੇ ਕਿਹਾ ਕਿ ਇਸ ਦੇ ਬਾਵਜੂਦ ਉਨ੍ਹਾਂ ਦੀ ਟੀਮ ਕਾਫੀ ਮਜ਼ਬੂਤ ਹੈ, ਜੋ ਦੇਸ਼ ਦੀ ਸੁਰੱਖਿਆ ਲਈ, ਵਿਕਾਸ ਲਈ ਅਤੇ ਦੇਸ਼ਵਾਸੀਆਂ ਨੂੰ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਦਲ ਲੇਬਰ ਪਾਰਟੀ ਕੋਲ ਯੋਗ ਉਮੀਦਵਾਰ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਦਲ ਦੇ ਨੇਤਾ ਬਿੱਲ ਸ਼ਾਰਟਨ ਨੂੰ ਇਸ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦਾ ਕੋਈ ਵਜੂਦ ਨਹੀਂ ਰਿਹਾ ਅਤੇ ਆਉਣ ਵਾਲੀਆਂ ਆਮ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਹੀ ਜਿੱਤੇਗੀ।