ਆਸਟ੍ਰੇਲੀਆ ਭਰ 'ਚ ਨਵੇਂ ਸਾਲ ਦੇ ਜਸ਼ਨ ਜੋਸ਼-ਖਰੋਸ਼ ਨਾਲ ਮਨਾਏ ਗਏ

01/01/2020 1:16:07 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼-ਖਰੋਸ਼ ਤੇ ਨਵੀਆ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ  ਸਾਰ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ, ਮੈਲਬੋਰਨ, ਪਰਥ, ਐਡੀਲੇਡ, ਗੋਲਡ ਕੋਸਟ ਤੇ ਬ੍ਰਿਸਬੇਨ ਵਿਖੇ ਬਹੁਤ ਹੀ ਮਨਮੋਹਣੀ ਤੇ ਦਿਲਕਸ਼ ਆਤਿਸ਼ਬਾਜੀ ਕੀਤੀ ਗਈ। ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਸਿਟੀ, ਸਾਊਥ ਬੈਂਕ ਤੇ ਹੈਮਿਲਟਨ ਵਿਖੇ ਵੀ ਬੀਤੇ ਸਾਲ ਨੂੰ ਅਲਵਿਦਾ ਕਹਿਣ ਤੇ ਨਵੇਂ ਸਾਲ ਦੇ ਸਵਾਗਤ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜੋ ਕਿ ਦੇਰ ਰਾਤ ਤੱਕ ਆਤਿਸ਼ਬਾਜੀ ਦਾ ਨਜ਼ਾਰਾ ਵੇਖਣ ਲਈ ਰੁਕੇ ਰਹੇ।

ਰਾਤ 8.30 ਵਜੇ ਤੇ ਫਿਰ ਰਾਤ 12 ਵੱਜਦੇ ਹੀ ਆਤਿਸ਼ਬਾਜੀ ਦਾ ਬਹੁਤ ਹੀ ਮਨਮੋਹਣਾ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਸਾਰੇ ਲੋਕ ਖੁਸ਼ੀ ਵਿਚ ਖੀਵੇ ਹੋ ਕੇ ਇਕ ਦੂਸਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨਵੇਂ ਸਾਲ 2020 ਦੇ ਸਵਾਗਤ ਵਿੱਚ ਖੁਸ਼ਆਮਦੀਦ ਆਖਿਆ।ਕ੍ਰਿਸਮਿਸ ਤੋਂ ਲੈ ਕੇ ਨਵੇਂ ਸਾਲ ਦੀ ਆਮਦ ਤੱਕ ਪੂਰਾ ਹਫਤਾ ਲੋਕ ਛੁੱਟੀਆਂ ਮਨਾਉਂਦੇ ਹੋਏ ਖਰੀਦਦਾਰੀ ਕਰਦੇ ਰਹੇ ਤੇ ਤੋਹਫੇ, ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਨਵੇ ਸਾਲ ਦੇ ਜਸ਼ਨ ਮਨਾਉਦੇ ਰਹੇ। ਨਵੇਂ ਸਾਲ ਦੀ ਆਮਦ ਤੇ ਕੁਝ ਸਥਾਨਕ ਲੋਕਾਂ ਵਲੋਂ ਗਿਰਜਾ ਘਰ ਵਿਚ ਪ੍ਰਾਰਥਨਾ ਸਭਾਵਾਂ ਕੀਤੀਆਂ ਤੇ ਭਾਰਤੀ ਭਾਈਚਾਰੇ ਵਲੋਂ ਵੀ ਨਵਾਂ ਸਾਲ ਮੰਦਰਾਂ ਤੇ ਗੁਰੂਘਰਾਂ ਵਿਖੇ ਨਤਮਸਤਕ ਹੋ ਕੇ ਬੜੇ ਹੀ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਗਿਆ।


Related News