ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ ''ਚ 3-3 ਮੀਟਿੰਗਾਂ, ਨਵੇਂ ਬਣੇ ਫੜ੍ਹ ’ਤੇ ਪੁਲਸ ਤਾਇਨਾਤ
Saturday, Sep 19, 2026 - 08:47 AM (IST)
ਜਲੰਧਰ (ਸ. ਹ.) : ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਚ ਨਵੇਂ ਬਣੇ ਫੜ੍ਹਾਂ ’ਤੇ ਕਥਿਤ ਤੌਰ ’ਤੇ ਖੁਦ ਦੀ ਮਲਕੀਅਤ ਜਤਾਉਂਦੇ ਹੋਏ ਅੰਧਾਧੁੰਦ ਬੋਰਡ ਲਾਉਣ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 3-3 ਮੀਟਿੰਗਾਂ ਹੋਈਆਂ। ਸਾਰਾ ਦਿਨ ਏ. ਸੀ. ਪੀ. ਨਾਰਥ ਕਰਨੈਲ ਸਿੰਘ ਅਤੇ ਥਾਣਾ ਨੰ. 1 ਦੇ ਇੰਚਾਰਜ ਰਾਕੇਸ਼ ਕੁਮਾਰ ਫੋਰਸ ਨਾਲ ਮੰਡੀ ਦੇ ਅੰਦਰ ਸੁਰੱਖਿਆ ਨੂੰ ਲੈ ਕੇ ਜਾਇਜ਼ਾ ਲੈਂਦੇ ਰਹੇ। ਨਵੇਂ ਬਣੇ ਫੜ੍ਹ ’ਤੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਹੁਣ ਕੋਈ ਹੋਰ ਆ ਕੇ ਬੋਰਡ ਨਾ ਲਾ ਸਕੇ। ਸੋਮਵਾਰ ਨੂੰ ਬੁਲਾਈ ਫਾਈਨਲ ਮੀਟਿੰਗ ਤੋਂ ਬਾਅਦ ਤੈਅ ਹੋਵੇਗਾ ਕਿ ਕਿਹੜੇ ਲੋਕਾਂ ਦੇ ਬੋਰਡ ਕਿਹੜੇ ਹਾਲਾਤ ਅਤੇ ਨਿਯਮਾਂ ਤਹਿਤ ਲੱਗੇ ਰਹਿਣਗੇ।

ਨਵੀਂ ਸਬਜ਼ੀ-ਫਰੂਟ ਮੰਡੀ ਮਕਸੂਦਾਂ ਦੇ ਪ੍ਰਧਾਨ ਗੋਲਡੀ ਖਾਲਸਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਹਿਲਾਂ ਮੰਡੀ ਵਿਚ ਜਨਰਲ ਮੀਟਿੰਗ ਹੋਈ, ਜਿਸ ਤੋਂ ਬਾਅਦ ਡੀ. ਐੱਮ. ਓ. ਅਤੇ ਫਿਰ ਮਾਰਕੀਟ ਕਮੇਟੀ ਦੇ ਸੈਕਟਰੀ ਨਾਲ ਮੀਟਿੰਗ ਹੋਈ। ਇਨ੍ਹਾਂ ਮੀਟਿੰਗਾਂ ਵਿਚ ਆੜ੍ਹਤੀਆਂ ਦੇ ਸਮੂਹ ਤੋਂ ਇਲਾਵਾ ਏ. ਸੀ. ਪੀ. ਕਰਨੈਲ ਸਿੰਘ ਤੇ ਥਾਣਾ ਨੰ. 1 ਦੇ ਇੰਚਾਰਜ ਰਾਕੇਸ਼ ਕੁਮਾਰ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਭਰਪੂਰ ਤਰੀਕੇ ਨਾਲ ਵਿਰੋਧ ਕੀਤਾ ਗਿਆ ਕਿ ਬਾਹਰੀ ਲੋਕ ਆ ਕੇ ਮੰਡੀ ਵਿਚ ਕਿਵੇਂ ਆਪਣੇ ਬੋਰਡ ਲਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੈਅ ਕਰੇਗਾ ਕਿ ਕਿਹੜੇ ਜ਼ਰੂਰਤਮੰਦ ਆੜ੍ਹਤੀਆਂ ਨੂੰ ਫੜ੍ਹ ਅਲਾਟ ਹੋਣਗੇ ਅਤੇ ਸਾਰੇ ਫੜ੍ਹ ਮੰਡੀ ਬੋਰਡ ਦੇ ਨਿਯਮਾਂ ਤਹਿਤ ਹੀ ਜਾਰੀ ਕਰਨੇ ਹੋਣਗੇ। ਫਿਲਹਾਲ ਨਵੇ ਬਣੇ ਫੜ੍ਹ ’ਤੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਅਜੇ ਸਾਰਿਆਂ ਦੇ ਬੋਰਡ ਲੱਗੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਦੇਰ ਰਾਤ ਕੁਝ ਲੋਕਾਂ ਨੇ ਪਹਿਲਾਂ ਲੱਗੇ ਬੋਰਡ ’ਤੇ ਆਪਣੇ ਬੋਰਡ ਲਾ ਦਿੱਤੇ ਸਨ। ਇਸ ਨੂੰ ਲੈ ਕੇ ਦੇਰ ਰਾਤ ਤੱਕ ਮੰਡੀ ਵਿਚ ਵਿਵਾਦ ਜਾਰੀ ਰਿਹਾ। ਬਾਹਰੀ ਲੋਕਾਂ ਨੇ ਕਾਫੀ ਹੰਗਾਮਾ ਵੀ ਮਚਾਇਆ ਸੀ। ਗੋਲਡੀ ਖਾਲਸਾ ਨੇ ਕਿਹਾ ਕਿ ਸੋਮਵਾਰ ਸਵੇਰੇ ਇਕ ਫਾਈਨਲ ਮੀਟਿੰਗ ਬੁਲਾਈ ਗਈ ਹੈ, ਜਿਸ ਤੋਂ ਬਾਅਦ ਸਭ ਕੁਝ ਸਾਫ ਹੋ ਜਾਵੇਗਾ।
ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
ਦੱਸ ਦੇਈਏ ਕਿ ਵੀਰਵਾਰ ਨੂੰ ਨਵੀਂ ਸਬਜ਼ੀ ਮੰਡੀ ਵਿਚ ਜੰਮ ਕੇ ਵਿਵਾਦ ਹੋਇਆ ਸੀ। ਕੁਝ ਆੜ੍ਹਤੀਆਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਬੁਲਾ ਕੇ ਨਵੀਂ ਬਣੀ ਫੜ੍ਹ ’ਤੇ ਖੁਦ ਦੀ ਮਲਕੀਅਤ ਦਿਖਾਉਂਦੇ ਹੋਏ ਆਪਣੇ-ਆਪਣੇ ਬੋਰਡ ਲਾ ਲਏ ਸਨ। ਮੋਨੂੰ ਪੁਰੀ ਅਤੇ ਗੋਲਡੀ ਖਾਲਸਾ ਵੱਲੋਂ ਸਾਰਾ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਸੀ ਪਰ ਦੇਰ ਰਾਤ ਦੋਬਾਰਾ ਵਿਵਾਦ ਭੜਕ ਗਿਆ ਸੀ ਅਤੇ ਪਹਿਲਾਂ ਲੱਗੇ ਬੋਰਡ ’ਤੇ ਦੋਬਾਰਾ ਬੋਰਡ ਲਗਾ ਦਿੱਤੇ ਸਨ, ਜਿਸ ਕਾਰਨ ਮੰਡੀ ਦਾ ਮਾਹੌਲ ਵੀ ਵਿਗੜ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
