ਬ੍ਰਿਸਬੇਨ ਵਿਖੇ ਅੱਜ ਸ਼ਾਮ ਖਤਮ ਹੋਵੇਗੀ ਤਾਲਾਬੰਦੀ : ਐਨਾਸਟੇਸ਼ੀਆ
Monday, Jan 11, 2021 - 09:48 AM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ) : ਕੋਰੋਨਾ ਦੁਨੀਆ ਭਰ ਦੇ ਦੇਸ਼ਾਂ ਵਿੱਚ ਕਹਿਰ ਵਰਪਾ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ ਵੀ ਇਸ ਦਾ ਕਾਫੀ ਅਸਰ ਪਿਆ। ਜਿਸ ਦੇ ਨਾਲ ਆਮ ਲੋਕ ਬਹੁਤ ਪ੍ਰਭਾਵਿਤ ਹੋਏ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਤਾਲਾਬੰਦੀ ਅੱਜ ਸ਼ਾਮ 6 ਵਜੇ ਖਤਮ ਹੋ ਜਾਵੇਗੀ। ਇਹ ਸੰਦੇਸ਼ ਮੀਡੀਆ ਦੇ ਰਾਹੀਂ ਕੂਈਨਜਲੈਂਡ ਸੂਬੇ ਦੇ ਮਾਣਜੋਗ ਪ੍ਰੀਮੀਅਰ ਐਨਾਸਟੇਸ਼ੀਆ ਪਲਾਸਕਜ਼ੁਕ ਨੇ ਦਿੱਤਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਸ ਦਿਨ ਸਾਰਿਆਂ ਨੂੰ ਫੇਸ ਮਾਸਕ ਪਾਉਣੇ ਪੈਣਗੇ। ਉਨ੍ਹਾਂ ਅੱਗੇ ਕਿਹਾ ਕਿ ਮਾਸਕ ਪਬਲਿਕ ਪਲੇਸ, ਸ਼ਾਪਿੰਗ ਸੈਂਟਰ, ਰਿਟੇਲ ਸ਼ਾਪ, ਸਿਨੇਮਾਘਰ, ਆਰਟ ਗੈਲਰੀ, ਪਬਲਿਕ ਟਰਾਂਸਪੋਰਟ, ਏਅਰਪੋਰਟ, ਹਵਾਈ ਸਫਰ ਆਦਿ 'ਤੇ ਪਾਉਣੇ ਲਾਜ਼ਮੀ ਹੋਣਗੇ। ਬਾਕੀ ਜਨ ਜੀਵਨ ਆਮ ਦੀ ਤਰ੍ਹਾਂ ਹੀ ਚੱਲਦਾ ਰਹੇਗਾ। ਇਸ ਤੋਂ ਬਾਅਦ ਕੂਈਨਜਲੈਂਡ ਸੂਬੇ ਦੇ ਸਿਹਤ ਵਿਭਾਗ ਦੇ ਮੁਖੀ ਡਾਕਟਰ ਜੈਨੇਟ ਯੰਗ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿੱਚ 18904 ਲੋਕਾਂ ਦੇ ਕੋਰੋਨਾ ਟੈਸਟ ਹੋਏ ਜੋ ਕਿ ਸਾਰੇ ਹੀ ਨੈਗੇਟਿਵ ਪਾਏ ਗਏ। ਉਨ੍ਹਾਂ ਨੇ ਕਿਹਾ ਕਿ ਹਾਲਾਤ ਬਿਲਕੁਲ ਕਾਬੂ ਵਿੱਚ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਿਸਟਮ ਦੇ ਚੱਲਦਿਆਂ ਕਿਰਪਾ ਕਰਕੇ ਆਪਣੇ ਟੈਸਟ ਜ਼ਰੂਰ ਕਰਵਾਉਣ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।