ਕੋਰੋਨਾ ਕਹਿਰ 'ਚ ਆਸਟ੍ਰੇਲੀਆ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਮੁੜ ਦਾਖਲੇ ਦੀ ਤਿਆਰੀ

Tuesday, Aug 18, 2020 - 06:30 PM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਕਹਿਰ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਹੁਣ ਤੱਕ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ  23,583 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 428 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਦੀ ਮਾਰ ਝੱਲ ਰਹੇ ਅਰਬਾਂ ਡਾਲਰ ਦੇ ਕੌਮਾਂਤਰੀ ਸਿੱਖਿਆ ਖੇਤਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿਚ ਆਸਟ੍ਰੇਲੀਆਈ ਸਰਕਾਰ 300 ਵਿਦੇਸ਼ੀ ਵਿਦਿਆਰਥੀਆਂ ਦੇ ਪਹਿਲੇ ਜੱਥੇ ਨੂੰ ਦੱਖਣ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਣ ਲਈ ਤਿਆਰ ਹੈ। 

ਸੰਘੀ ਵਪਾਰ ਅਤੇ ਟੂਰਿਜ਼ਮ ਮੰਤਰੀ ਸਾਈਮਨ ਬਰਮਿੰਘਮ ਨੇ ਇਕ ਨਵੀਂ ਯੋਜਨਾ ਦੀ ਘੋਸਣਾ ਕੀਤੀ ਹੈ। ਜਿਸ ਦੇ ਤਹਿਤ ਦੱਖਣੀ ਪੂਰਬ ਏਸ਼ੀਆ ਦੇ 300 ਵਿਦਿਆਰਥੀਆਂ ਨੂੰ ਅਗਲੇ ਮਹੀਨੇ ਐਡੀਲੇਡ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ। ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਦੋ ਹਫਤੇ ਤੱਕ ਹੋਟਲ ਵਿਚ ਇਕਾਂਤਵਾਸ ਵਿਚ ਰਹਿਣਾ ਹੋਵੇਗਾ, ਜਿਸ ਦਾ ਖਰਚ ਉਹਨਾਂ ਦੀ ਯੂਨੀਵਰਸਿਟੀ ਕਰੇਗੀ। 

ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 226 ਨਵੇਂ ਮਾਮਲੇ ਸਾਹਮਣੇ ਆਏ ਅਤੇ ਦੇਸ਼ ਭਰ ਵਿਚ ਕੋਵਿਡ-19 ਨਾਲ 17 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਦੇ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 23,583 ਹੋ ਗਈ। ਸਰਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਮਹਾਮਾਰੀ ਦੇ ਦੈਨਿਕ ਬੁਲੇਟਿਨ ਵਿਚ ਦੱਸਿਆ ਕਿ ਬੀਤੇ 24 ਘੰਟੇ ਵਿਚ ਇਨਫੈਕਸ਼ਨ ਦੇ 226 ਨਵੇਂ ਮਾਮਲੇ ਸਾਹਮਣੇ ਆਏ ਅਤੇ 17 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਰਾਜ ਵਿਚ ਕੋਵਿਡ-19 ਨਾਲ 334 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਹਲਕੇ ਲੱਛਣ ਹੋਣ 'ਤੇ ਵੀ ਕੋਰੋਨਾਵਾਇਰਸ ਸੰਕ੍ਰਮਿਤ ਹੋਣ ਦੀ ਪੂਰੀ ਸੰਭਾਵਨਾ ਹੈ। ਨਿਊ ਸਾਊਥ ਵੇਲਜ਼ ਵਿਚ ਸੋਮਵਾਰ ਰਾਤ ਤੋਂ ਇਨਫੈਕਸ਼ਨ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ਵਿਚੋਂ 2 ਦੱਖਣ ਪੱਛਮੀ ਸਿਡਨੀ ਦੇ ਹਨ। ਇਨਫੈਕਸ਼ਨ ਦਾ ਇਕ ਹੋਰ ਮਾਮਲਾ ਪੱਛਮੀ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ।

ਆਸਟ੍ਰੇਲੀਆਈ ਰਾਜਧਾਨੀ ਖੇਤਰ ਅਤੇ ਕੁਈਨਜ਼ਲੈਂਡ ਤੋਂ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਆਸਟ੍ਰੇਲੀਆ ਦੇ ਲਈ ਕੌਮਾਂਤਰੀ ਸਿੱਖਿਆ ਉਦਯੋਗ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਬਰਮਿੰਘਮ ਨੇ ਕਿਹਾ,''ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਜੋ ਅਸੀਂ ਦੇਖ ਸਕੀਏ ਕੀ ਇਸ ਤਰ੍ਹਾਂ ਨਾਲ ਇਸ ਨੂੰ ਚਲਾਇਆ ਜਾ ਸਕਦਾ ਹੈ। ਅਸੀਂ ਇਸ ਬਾਰੇ ਵਿਚ ਆਸਵੰਦ ਹਾਂ ਕਿ ਅਸੀਂ ਸੁਰੱਖਿਆ ਅਤੇ ਸਾਵਧਾਨੀ ਵਾਲੇ ਉਪਾਅ ਕੀਤੇ ਹਨ। ਅਗਲੇ ਸਾਲ ਦੇ ਪਾਠਕ੍ਰਮ ਵੱਲ ਕਦਮ ਵਧਾਉਂਦੇ ਹੋਏ ਅਸੀਂ ਇਸ 'ਤੇ ਵਿਚਾਰ ਕਰਾਂਗੇ ਕਿ ਸਾਡੇ ਫੈਸਲੇ  ਦਾ ਕੀ ਅਸਰ ਪੈਂਦਾ ਹੈ।'' 

ਮੰਤਰੀ ਨੇ ਕਿਹਾ,''ਕੌਮਾਂਤਰੀ ਸਿੱਖਿਆ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਲਈ ਵੱਡਾ ਸੇਵਾ ਨਿਰਯਾਤ ਉਦਯੋਗ ਹੈ। ਇਹ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਇਹ ਮਹੱਤਵਪੂਰਣ ਹੈ ਕਿ ਅਸੀਂ ਕੌਮਾਂਤਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਸੁਰੱਖਿਅਤ ਵਾਪਸ ਲਿਆਉਣ ਵਿਚ ਸਫਲ ਹੋਈਏ।'' ਤਾਜ਼ਾ ਅੰਕੜਿਆਂ ਦੇ ਮੁਤਾਬਕ ਚੀਨ ਦੇ ਬਾਅਦ ਆਸਟ੍ਰੇਲੀਆ ਦੇ ਲਈ ਭਾਰਤ ਕੌਮਾਂਤਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ ਅਤੇ ਆਸਟ੍ਰੇਲੀਆ ਵਿਚ ਪੜ੍ਹਨ ਵਾਲੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿਚੋਂ ਭਾਰਤ ਦੇ ਵਿਦਿਆਰਥੀਆਂ ਦੀ ਹਿੱਸੇਦਾਰੀ 17 ਫੀਸਦੀ ਹੈ।


Vandana

Content Editor

Related News