ਬੇਹੱਦ ਖਰਾਬ ਸ਼੍ਰੇਣੀ ’ਚ ਪੁੱਜੀ ਗ੍ਰੇਟ ਬੈਰੀਅਰ ਰੀਫ, ਜਾਣੋ ਕਾਰਨ
Saturday, Aug 31, 2019 - 08:36 AM (IST)
ਸਿਡਨੀ— ਆਸਟ੍ਰੇਲੀਆ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਮੂੰਗਾਂ ਚੱਟਾਨ ‘ਗ੍ਰੇਟ ਬੈਰੀਅਰ ਰੀਫ’ ਖਰਾਬ ਤੋਂ ਬੇਹੱਦ ਖਰਾਬ ਸ਼੍ਰੇਣੀ ’ਚ ਪੁੱਜ ਚੁੱਕੀਆਂ ਹਨ। ਇਨ੍ਹਾਂ ਦਾ ਰੱਖ-ਰਖਾਅ ਕਰਨ ਵਾਲੀ ਆਸਟ੍ਰੇਲੀਆਈ ਏਜੰਸੀ ‘ਗ੍ਰੇਟ ਬੈਰੀਅਰ ਰੀਫ ਮਰੀਨ ਪਾਰਕ ਅਥਾਰਟੀ’ ਨੇ ਇਸ ਬਾਰੇ ਇਕ ਰਿਪੋਰਟ ਜਾਰੀ ਕੀਤੀ ਹੈ ਅਤੇ ਇਸ ਸਥਿਤੀ ਲਈ ਸਮੁੰਦਰ ਦੇ ਵਧਦੇ ਤਾਪਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਦੱਸ ਦਈਏ ਕਿ ਗ੍ਰੇਟ ਬੈਰੀਅਰ ਰੀਫ ਯੂਨੈਸਕੋ ਦੀ ਵਿਸ਼ਵ ਵਿਰਾਸਤਾਂ ਦੀ ਸੂਚੀ ’ਚ ਸ਼ਾਮਲ ਹੈ।
ਰਿਪੋਰਟ ’ਚ ਖੁਲਾਸਾ ਹੋਇਆ ਕਿ ਜੇਕਰ ਜਲਦੀ ਤੋਂ ਜਲਦੀ ਇਸ ਤੋਂ ਬਚਾਅ ਦਾ ਉਪਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਕੁਈਨਜ਼ਲੈਂਡ ਦੇ ਕੋਰਲ ਸਾਗਰ ਸਥਿਤ 2300 ਕਿਲੋਮੀਟਰ ਲੰਬੀਆਂ ਮੂੰਗਾ ਦੀਆਂ ਇਨ੍ਹਾਂ ਚੱਟਾਨਾਂ ਨੂੰ ਸੁਰੱਖਿਅਤ ਰੱਖ ਸਕਣਾ ਮੁਸ਼ਕਲ ਹੋਵੇਗਾ। ਰੀਫ ਯੂਨੈਸਕੋ ਦੇ ਅਧਿਕਾਰੀਆਂ ਮੁਤਾਬਕ ਬਚਾਉਣ ਲਈ ਵਿਸ਼ਵ ਦੇ ਨਾਲ ਹੀ ਖੇਤਰੀ ਪੱਧਰ ’ਤੇ ਮਜ਼ਬੂਤ ਅਤੇ ਅਸਰਦਾਰ ਕਦਮ ਚੁੱਕੇ ਜਾਣ ਦੀ ਸਖਤ ਜ਼ਰੂਰਤ ਹੈ। ਜਲਵਾਯੂ ਪਰਿਵਰਤਨ ਨਾਲ ਮੁਕਾਬਲਾ ਕਰਨ ਦੇ ਨਾਲ ਹੀ ‘ਗ੍ਰੇਟ ਬੈਰੀਅਰ ਰੀਫ’ ਦੇ ਖੇਤਰ ’ਚ ਪ੍ਰਦੂਸ਼ਣ ਦੇ ਬਹਾਅ ’ਤੇ ਰੋਕ ਲਗਾਉਣਾ ਜ਼ਰੂਰੀ ਹੈ।
ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਕਦਮ ਚੁੱਕੇ ਜਾਣ ਕਾਰਨ ਕੋਲੇ ਦੀਆਂ ਖਾਨਾਂ ਅਤੇ ਨਿਰਯਾਤ ਉਦਯੋਗਾਂ ਨੂੰ ਵਧਾਉਣ ਲਈ ਆਸਟ੍ਰੇਲੀਆਈ ਸਰਕਾਰ ਹਮੇਸ਼ਾ ਤੋਂ ਵਾਤਾਵਰਣ ਮਾਹਿਰਾਂ ਦੇ ਨਿਸ਼ਾਨੇ ’ਤੇ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 4 ਸਾਲਾਂ ਵਾਂਗ ਇਸ ਸਾਲ ਦੇ ਪਹਿਲੇ 6 ਮਹੀਨੇ ’ਚ ਵੀ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ’ਚ ਕੋਈ ਕਮੀ ਨਹੀਂ ਆਈ ਹੈ। ਹਾਲਾਂਕਿ ਸਰਕਾਰ ਕੌਮਾਂਤਰੀ ਮਾਨਕਾਂ ਮੁਤਾਬਕ ਗ੍ਰੀਨ ਹਾਊਸ ਗੈਸਾਂ ਅਤੇ ਕਾਰਬਨ ਨਿਕਾਸੀ ਨੂੰ ਕੰਟਰੋਲ ਕਰਨ ’ਤੇ ਜ਼ੋਰ ਦਿੰਦੀ ਰਹੀ ਹੈ। ਵਾਤਾਵਰਣ ਮੰਤਰੀ ਸੁਜੈਨ ਲੇ ਦਾ ਕਹਿਣਾ ਹੈ ਕਿ ਰਿਪੋਰਟ ’ਚ ਜਲਵਾਯੂ ਪਰਿਵਰਤਨ ਨੂੰ ਗ੍ਰੇਟ ਬੈਰੀਅਰ ਰੀਫ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਗਿਆ ਹੈ। ਸਰਕਾਰ ਇਸ ਦਿਸ਼ਾ ’ਚ ਕੰਮ ਕਰਨ ’ਚ ਕੋਸ਼ਿਸ ਕਰ ਰਹੀ ਹੈ।
