ਪ੍ਰਵਾਸੀਆਂ ਲਈ ਵੱਡੀ ਖ਼ਬਰ, ਆਸਟ੍ਰੇਲੀਆਈ ਸਰਕਾਰ ਵਲੋਂ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਅਸੀਮਤ ਸਿੱਖਿਆ ਦਾ ਐਲਾਨ

Sunday, Apr 25, 2021 - 07:20 PM (IST)

ਪ੍ਰਵਾਸੀਆਂ ਲਈ ਵੱਡੀ ਖ਼ਬਰ, ਆਸਟ੍ਰੇਲੀਆਈ ਸਰਕਾਰ ਵਲੋਂ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਅਸੀਮਤ ਸਿੱਖਿਆ ਦਾ ਐਲਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਹਾਸਲ ਕਰਨ ਲਈ ਪਹਿਲਾਂ ਤੋਂ ਨਿਰਧਾਰਿਤ 510 ਘੰਟਿਆਂ ਦੇ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਥਾਂ ਹੁਣ ਅਸੀਮਤ ਸਿਖਲਾਈ ਕਲਾਸਾਂ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਅਨੁਸਾਰ ਇਸ ਨਵੇਂ ਪ੍ਰੋਗਰਾਮ ਤਹਿਤ ਦੇਸ਼ ਵਿੱਚ ਆਉਣ ਵਾਲੇ ਪ੍ਰਵਾਸੀਆਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਵਧੇਰੇ ਸੁਚੇਤ ਕੀਤਾ ਜਾ ਸਕੇਗਾ ਤਾਂ ਕਿ ਉਹਨਾਂ ਨੂੰ ਇੱਥੇ ਵਸਣ ਵਿੱਚ ਔਕੜਾ ਦਾ ਸਾਹਮਣਾ ਨਾ ਕਰਨਾ ਪੈ ਸਕੇ। 

ਪਰਿਵਾਰਕ, ਹੁਨਰਮੰਦ ਅਤੇ ਮਾਨਵਤਾਵਾਦੀ ਵੀਜ਼ਾ ਵਾਲੇ ਪ੍ਰਵਾਸੀ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਠੀਕ ਨਹੀਂ ਹੈ, ਹੁਣ ਆਸਟ੍ਰੇਲੀਅਨ ਸਰਕਾਰ ਦੇ ਬਾਲਗ ਪ੍ਰਵਾਸੀ ਅੰਗ੍ਰੇਜ਼ੀ ਪ੍ਰੋਗਰਾਮ (ਏ.ਐਮ.ਈ.ਪੀ) ਤਹਿਤ ਮੁਫ਼ਤ ਅੰਗ੍ਰੇਜ਼ੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਸੰਬੰਧਿਤ ਵੀਜ਼ਾ ਧਾਰਕ ਆਸਟ੍ਰੇਲੀਆ ਪਹੁੰਚਣ 'ਤੇ ਜਾਂ ਵੀਜ਼ਾ ਸ਼ੁਰੂ ਹੋਣ ਤੋਂ ਪਹਿਲੇ ਪੰਜ ਸਾਲਾਂ ਦੇ ਅੰਦਰ ਏ.ਐੱਮ.ਈ.ਪੀ. ਤੋਂ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਸਿਖਲਾਈ ਲੈ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ 'ਲਾਈਵ ਸਮਾਰੋਹ', ਜੁਟੇ 50 ਹਜ਼ਾਰ ਦਰਸ਼ਕ (ਤਸਵੀਰਾਂ)

'ਬਾਲਗ ਲਰਨਿੰਗ ਆਸਟ੍ਰੇਲੀਆ' ਵਿੱਚ ਓਪਰੇਸ਼ਨ ਮੈਨੇਜਰ ਕੈਥਰੀਨ ਡੈਵਲਿਨ ਕਹਿੰਦੇ ਹਨ ਕਿ ਸੰਭਾਵਿਤ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਪਹੁੰਚਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਏ.ਐਮ.ਈ.ਪੀ. ਅਦਾਰੇ ਕੋਲ ਰਜਿਸਟਰ ਹੋਣਾ ਪੈਂਦਾ ਹੈ ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਰਜਿਸਟਰ ਹੋਣ ਲਈ 12 ਮਹੀਨੇ ਦਾ ਸਮਾਂ ਹੁੰਦਾ ਹੈ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿ ਰਹੇ ਹੋ ਅਤੇ ਨੌਕਰੀ ਲੱਭਣ ਲਈ ਆਪਣੀ ਭਾਸ਼ਾ ਦੇ ਹੁਨਰ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ 'ਸਕਿਲਜ਼ ਫ਼ੋਰ ਐਜੂਕੇਸ਼ਨ ਐਂਡ ਐਂਪਲਾਇਮੈਂਟ ਪ੍ਰੋਗਰਾਮ' (ਐਸ. ਈ. ਈ) ਤੋਂ 650 ਘੰਟਿਆਂ ਦੀ ਮੁਫਤ ਸਿਖਲਾਈ ਪ੍ਰਾਪਤ ਕਰ ਸਕਦੇ ਹੋ। 

ਨਵੇਂ ਪ੍ਰੋਗਰਾਮ ਵਿੱਚ ਕੀਤੇ ਗਏ ਸੁਧਾਰਾਂ ਤਹਿਤ ਹੁਣ ਇੰਗਲਿਸ਼ ਟਿਊਸ਼ਨ 'ਤੇ ਲੱਗੇ 510 ਘੰਟੇ ਦੇ 'ਕੈਪ' ਨੂੰ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਨਾਮਾਂਕਣ ਲਈ ਛੇ ਮਹੀਨਿਆਂ ਦੀ ਸਮਾਂ-ਸੀਮਾ ਨੂੰ ਵਧਾ ਕੇ 12 ਮਹੀਨਿਆਂ ਅਤੇ ਏ.ਐੱਮ.ਈ.ਪੀ. ਟਿਊਸ਼ਨ ਨੂੰ ਪੂਰਾ ਕਰਨ ਲਈ ਪੰਜ ਸਾਲ ਦੀ ਨਿਰਧਾਰਿਤ ਸੀਮਾ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਹਨਾਂ ਨਵੇਂ ਬਦਲਾਵਾਂ ਅਧੀਨ ਪ੍ਰਵਾਸੀ ਹੁਣ ਆਪਣੀ ਸਹੂਲਤ ਅਨੁਸਾਰ ਅਸੀਮਤ ਅਤੇ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਲੈ ਸਕਣਗੇ।

ਨੋਟ- ਆਸਟ੍ਰੇਲੀਆਈ ਸਰਕਾਰ ਵਲੋਂ ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਅਸੀਮਤ ਸਿੱਖਿਆ ਦਾ ਐਲਾਨ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News