ਆਸਟ੍ਰੇਲੀਆ : ਤੇਜ਼ ਹਵਾਵਾਂ ਕਾਰਨ ਵਾਪਰੇ ਹਾਦਸੇ 'ਚ 4 ਬੱਚਿਆਂ ਦੀ ਮੌਤ, PM ਮੌਰੀਸਨ ਨੇ ਪ੍ਰਗਟਾਇਆ ਦੁੱਖ

Thursday, Dec 16, 2021 - 02:33 PM (IST)

ਆਸਟ੍ਰੇਲੀਆ : ਤੇਜ਼ ਹਵਾਵਾਂ ਕਾਰਨ ਵਾਪਰੇ ਹਾਦਸੇ 'ਚ 4 ਬੱਚਿਆਂ ਦੀ ਮੌਤ, PM ਮੌਰੀਸਨ ਨੇ ਪ੍ਰਗਟਾਇਆ ਦੁੱਖ

ਕੈਨਬਰਾ (ਆਈਏਐੱਨਐੱਸ): ਆਸਟ੍ਰੇਲੀਆ ਦੇ ਤਸਮਾਨੀਆ ਰਾਜ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਘਟਨਾ ਵਾਪਰੀ। ਇੱਥੇ ਤੇਜ਼ ਹਵਾਵਾਂ ਕਾਰਨ ਬਾਊਂਸੀ ਕੈਸਲ ਮਤਲਬ ਉਛਾਲ ਵਾਲੇ ਝੂਲੇ ਦੇ 32 ਫੁੱਟ ਉੱਚਾਈ 'ਤੇ ਜਾਣ ਮਗਰੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ" ਦੱਸਿਆ ਹੈ। ਮੌਰੀਸਨ ਨੇ ਕਿਹਾ ਕਿ ਛੋਟੇ ਬੱਚੇ ਮਜ਼ੇ ਕਰ ਰਹੇ ਸਨ ਅਤੇ ਅਚਾਨਕ ਇਹ ਭਿਆਨਕ ਤ੍ਰਾਸਦੀ ਵਿਚ ਬਦਲ ਗਿਆ। ਇਸ ਘਟਨਾ ਦਿਲ ਨੂੰ ਤੋੜ ਦੇਣ ਵਾਲੀ ਹੈ। 

PunjabKesari

PunjabKesari

ਇਹ ਘਟਨਾ ਉਦੋਂ ਵਾਪਰੀ ਜਦੋਂ ਤਸਮਾਨੀਆ ਦੇ ਡੇਵੋਨਪੋਰਟ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਰੱਖਿਆ ਗਿਆ ਜੰਪਿੰਗ ਕੈਸਲ ਅਚਾਨਕ ਤੇਜ਼ ਹਵਾਵਾਂ ਕਾਰਨ ਉੱਡ ਗਿਆ। ਜਦੋਂ ਕੈਸਲ 32 ਫੁੱਟ ਉੱਚਾਈ 'ਤੇ ਹਵਾ ਵਿਚ ਸੀ, ਉਦੋਂ ਦੋ ਮੁੰਡੇ ਅਤੇ ਦੋ ਕੁੜੀਆਂ ਜ਼ਮੀਨ 'ਤੇ ਡਿੱਗ ਪਏ ਅਤੇ ਉਹਨਾਂ ਦੀ ਮੌਤ ਹੋ ਗਈ। ਪੰਜ ਹੋਰ ਬੱਚੇ ਹੇਠਾਂ ਡਿੱਗਣ ਕਾਰਨ ਜ਼ਖਮੀ ਹੋ ਗਏ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਬੱਚਿਆਂ ਦੀ ਉਮਰ ਅਤੇ ਨਾਮ ਦਾ ਖੁਲਾਸਾ ਨਹੀਂ ਕੀਤਾ ਪਰ ਦੱਸਿਆ ਕਿ ਉਹ ਗ੍ਰੇਡ ਪੰਜ ਜਾਂ ਛੇ ਵਿਚ ਸਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਤਸਮਾਨੀਆ ਪੁਲਸ ਨੇ ਦੱਸਿਆ ਕਿ ਟਾਪੂ ਦੇ ਉੱਤਰ ਵਿੱਚ ਡੇਵੋਨਪੋਰਟ ਵਿੱਚ ਸਕੂਲੀ ਸਾਲ ਦੇ ਆਖਰੀ ਦਿਨ ਬੱਚੇ 10 ਮੀਟਰ ਦੀ ਉਚਾਈ ਤੋਂ ਡਿੱਗ ਪਏ।ਪੰਜ ਗੰਭੀਰ ਜ਼ਖਮੀ ਹੋਏ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜਿਲ ਬਾਈਡੇਨ ਨੇ ਕ੍ਰਿਸਮਸ ਪਰੇਡ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ  

ਤਸਮਾਨੀਆ ਦੇ ਪੁਲਸ ਕਮਿਸ਼ਨਰ ਡੈਰੇਨ ਹਾਇਨ ਨੇ ਵੀਰਵਾਰ ਨੂੰ ਕਿਹਾ ਕਿ ਅਜਿਹੇ ਦਿਨ ਜਦੋਂ ਇਹ ਬੱਚੇ ਪ੍ਰਾਇਮਰੀ ਸਕੂਲ ਵਿੱਚ ਆਪਣਾ ਆਖਰੀ ਦਿਨ ਮਨਾ ਰਹੇ ਸਨ ਉਦੋਂ ਅਸੀਂ ਖੁਸ਼ ਹੋਣ ਦੀ ਬਜਾਏ ਉਨ੍ਹਾਂ ਦੀ ਦਰਦਨਾਕ ਮੌਤ ਦਾ ਸੋਗ ਮਨਾ ਰਹੇ ਹਾਂ।ਸਾਡਾ ਦਿਲ ਪਰਿਵਾਰਾਂ ਅਤੇ ਅਜ਼ੀਜ਼ਾਂ, ਸਕੂਲ ਦੇ ਸਾਥੀਆਂ ਅਤੇ ਉਨ੍ਹਾਂ ਬੱਚਿਆਂ ਦੇ ਅਧਿਆਪਕਾਂ ਲਈ ਟੁੱਟ ਰਿਹਾ ਹੈ। ਪੈਰਾਮੈਡਿਕਸ ਸਵੇਰੇ 10 ਵਜੇ ਮੌਕੇ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਹੈਲੀਕਾਪਟਰਾਂ ਰਾਹੀਂ ਹਸਪਤਾਲ ਲਿਜਾਣ ਤੋਂ ਪਹਿਲਾਂ ਤੁਰੰਤ ਡਾਕਟਰੀ ਸਹਾਇਤਾ ਦਿੱਤੀ ।ਹਾਇਨ ਨੇ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਸਾਡੇ ਭਾਈਚਾਰੇ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ 'ਤੇ ਹੈ। ਤਸਮਾਨੀਅਨ ਪੁਲਸ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News