ਆਸਟਰੇਲੀਆ ''ਚ ਮੁੜ ਭੜਕੀ ਜੰਗਲੀ ਅੱਗ, ਕੈਨਬਰਾ ਦੇ ਕਈ ਹਿੱਸੇ ਕਰਵਾਏ ਖਾਲ੍ਹੀ
Wednesday, Jan 22, 2020 - 07:42 PM (IST)

ਸਿਡਨੀ- ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਏਅਰਪੋਰਟ ਦੇ ਨੇੜੇ ਸਥਿਤ ਜੰਗਲਾਂ ਵਿਚ ਅੱਗ ਲੱਗਣ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ। ਸੜਕਾਂ 'ਤੇ ਆਵਾਜਾਈ ਰੋਕ ਲਈ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕਾ ਖਾਲ੍ਹੀ ਕਰਨ ਜਾਂ ਅੱਗ ਦੀ ਲਪੇਟ ਵਿਚ ਆਏ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਦੇਸ਼ ਵਿਚ ਬੀਤੇ ਦਿਨੀਂ ਪਏ ਮੀਂਹ ਤੇ ਤਾਪਮਾਨ ਵਿਚ ਆਈ ਕਮੀ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਕਰਨ ਵਿਚ ਸਫਲਤਾ ਮਿਲੀ ਸੀ ਪਰ ਤੇਜ਼ ਹਵਾਵਾਂ ਦੇ ਚੱਲਦੇ ਤੇ ਤਾਪਮਾਨ ਵਧਣ ਨਾਲ ਬੁੱਧਵਾਰ ਨੂੰ ਮੁੜ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਰਾਜਧਾਨੀ ਦੇ ਇਲਾਕਿਆਂ ਦੇ ਉਪਰ ਧੂੰਏ ਦਾ ਗੁਬਾਰ ਦਿਖ ਰਿਹਾ ਹੈ। ਹਾਲ ਦੇ ਦਿਨਾਂ ਵਿਚ ਕੈਨਬਰਾ, ਸਿਡਨੀ ਤੇ ਮੈਲਬੌਰਨ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਖਰਾਬ ਹਵਾ ਦੀ ਗੁਣਵੱਤਾ ਵਾਲੇ ਸ਼ਹਿਰਾਂ ਵਿਚ ਚੋਟੀ 'ਤੇ ਰਹੇ ਹਨ। ਬੀਤੇ ਸਤੰਬਰ ਮਹੀਨੇ ਵਿਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। 2500 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਜੰਗਲਾਂ ਵਿਚ ਲੱਗੀ ਅੱਗ ਦਾ ਅਸਰ ਬੁੱਧਵਾਰ ਨੂੰ ਆਏ ਇਕਨਾਮਿਕ ਸਰਵੇ ਵਿਚ ਵੀ ਦਿਖਾਈ ਦਿੱਤਾ। ਇਸ ਵਿਚ ਖਰਚ 'ਤੇ ਰੋਕ ਲਾਉਣ ਦੀ ਗੱਲ ਕਹੀ ਗਈ ਹੈ। ਕੁਦਰਤੀ ਆਪਦਾ ਨਾਲ 133 ਲੱਖ ਕਰੋੜ ਰੁਪਏ ਵਾਲੀ ਵਿਸ਼ਵ ਦੀ 14ਵੀਂ ਸਭ ਤੋਂ ਵੱਡੀ ਅਰਥਵਿਵਸਥਾ 'ਤੇ ਦਬਾਅ ਸਾਫ ਦਿਖਾਈ ਦੇ ਰਿਹਾ ਹੈ। ਸਰਵੇ ਵਿਚ ਦਸੰਬਰ ਤੋਂ ਮਾਰਚ ਦੀ ਤਿਮਾਹੀ ਦੇ ਵਿਚਾਲੇ ਜੀ.ਡੀ.ਪੀ. ਵਿਚ 0.25 ਅੰਕ ਦੀ ਕਮੀ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ।