ਆਸਟਰੇਲੀਆ ਦਾ ਲੋਕਤੰਤਰ ਸਵਾਲਾਂ ਦੇ ਘੇਰੇ ’ਚ, ਗੁਪਤ ਕਾਨੂੰਨਾਂ ਦੀ ਵਰਤੋਂ ਦੇ ਲੱਗੇ ਦੋਸ਼
Monday, Jun 21, 2021 - 01:53 PM (IST)
ਇੰਟਰਨੈਸ਼ਨਲ ਡੈਸਕ : ਆਸਟਰੇਲੀਆ ’ਚ ਗੁਪਤ ਕਾਨੂੰਨਾਂ ਦੀ ਵਰਤੋਂ ਜਾਣਕਾਰੀਆਂ ਨੂੰ ਦਬਾਉਣ ਲਈ ਕਰਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਦੁਨੀਆ ਦਾ ਸਭ ਤੋਂ ਗੁਪਤ ਲੋਕਤੰਤਰ ਬਣਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਹਫ਼ਤੇ ਦੇਸ਼ ਦੇ ਇੱਕ ਸਾਬਕਾ ਜਾਸੂਸ ਨੂੰ ‘ਈਸਟ ਤਿਮੋਰ’ ਦੀ ਸਰਕਾਰ ਵਿਰੁੱਧ ਚੱਲੀ ਖੁਫੀਆ ਮੁਹਿੰਮ ਦਾ ਖੁਲਾਸਾ ਕਰਨ ’ਚ ਉਸ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਸੀ, ਹਾਲਾਂਕਿ ਸਾਬਕਾ ਜਾਸੂਸ ਦੀ ਭੂਮਿਕਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਹ ਦੇਸ਼ ਦਾ ਤਾਜ਼ਾ ਹਾਈ ਪ੍ਰੋਫਾਈਲ ਕੇਸ ਹੈ, ਜਿਸ ’ਚ ਗੁਪਤ ਕਾਨੂੰਨਾਂ ਦੀ ਵਰਤੋਂ ਜਾਣਕਾਰੀਆਂ ਨੂੰ ਦਬਾਉਣ ਲਈ ਕੀਤੀ ਗਈ। ਪੁਲਸ ਨੇ ਉਨ੍ਹਾਂ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ, ਜਿਨ੍ਹਾਂ ਨੇ ਅਫਗਾਨਿਸਤਾਨ ’ਚ ਆਸਟਰੇਲੀਆਈ ਸਪੈਸ਼ਲ ਫੋਰਸਿਜ਼ ਉੱਤੇ ਜੰਗੀ ਅਪਰਾਧ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ : ਇਜ਼ਰਾਈਲ ’ਚ ਕੋਰੋਨਾ ਮੁੜ ਵਰ੍ਹਾਉਣ ਲੱਗਾ ਕਹਿਰ, ਇੰਨੇ ਸਕੂਲੀ ਵਿਦਿਆਰਥੀ ਆਏ ਪਾਜ਼ੇਟਿਵ
ਦੇਸ਼ ਦੇ ਲੋਕ ਉਸ ਸਾਬਕਾ ਜਾਸੂਸ ਦਾ ਨਾਂ ਵੀ ਨਹੀਂ ਜਾਣਦੇ, ਜਿਸ ਨੂੰ ਸ਼ੁੱਕਰਵਾਰ ਦੋਸ਼ੀ ਠਹਿਰਾਇਆ ਗਿਆ ਹੈ। ‘ਕੈਨਬਰਾ ਕੋਰਟ ਰਜਿਸਟਰੀ’ ਨੇ ਉਸ ਨੂੰ ‘ਵਿਟਨੈੱਸ ਕੇ’ ਦੇ ਨਾਂ ਨਾਲ ਸੂਚੀਬੱਧ ਕੀਤਾ। ਹਾਲਾਂਕਿ ਦੋਸ਼ੀ ਦੇ ਵਕੀਲ ਨੇ ਉਸ ਨੂੰ ਸਨਮਾਨ ਦੇ ਕੇ ‘ਸ਼੍ਰੀਮਾਨ’ ਕਹਿ ਕੇ ਬੁਲਾਇਆ। ਇਕ ਸਾਬਕਾ ਸਰਕਾਰੀ ਖੁਫੀਆ ਵਿਸ਼ਲੇਸ਼ਕ ਵ੍ਹਿਸਲਬਲੋਅਰ ਐਂਡ੍ਰਿਊ ਵਿਲਕੀ, ਰਾਸ਼ਟਰੀ ਸੁਰੱਖਿਆ ਨੂੰ ਢਾਲ ਵਜੋਂ ਵਰਤਣ ਦਾ ਇੱਕ ਮੁੱਖ ਆਲੋਚਕ ਹੈ। ਵਿਲਕੀ ਨੇ ‘ਕੇ’ ਅਤੇ ਉਸ ਦੇ ਸਾਬਕਾ ਵਕੀਲ ਬਰਨਾਰਡ ਕੋਲੈਰੀ ਵਿਰੁੱਧ ਮੁਕੱਦਮਾ ਚਲਾਉਣ ਦਾ ਵਿਰੋਧ ਕੀਤਾ। ਕੋਲੈਰੀ ਦਾ ਇਲਜ਼ਾਮ ਹੈ ਕਿ ਉਸ ਨੇ ਈਸਟ ਤਿਮੋਰ ਨੂੰ ਗੁਪਤ ਜਾਣਕਾਰੀਆਂ ਦੇਣ ਲਈ ‘ਕੇ’ ਨਾਲ ਸਾਜ਼ਿਸ਼ ਰਚੀ ਸੀ। ਵਿਲਕੀ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਸੁਣਵਾਈ ਗੁਪਤ ਰੂਪ ’ਚ ਨਾ ਹੋਵੇ।